ਦਸੰਬਰ ਤਿਮਾਹੀ 'ਚ 6.8 ਫ਼ੀਸਦੀ ਰਹਿ ਸਕਦੀ ਹੈ ਮਹਿੰਗਾਈ ਦਰ : RBI
Friday, Dec 04, 2020 - 01:31 PM (IST)
ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਪ੍ਰਚੂਨ ਮਹਿੰਗਾਈ ਦੇ ਉਸ ਦੇ ਸੰਤੋਸ਼ਜਨਕ ਪੱਧਰ ਤੋਂ ਉੱਚੀ ਬਣੇ ਰਹਿਣ ਦਾ ਅਨੁਮਾਨ ਹੈ। ਕੇਂਦਰੀ ਬੈਂਕ ਮੁਤਾਬਕ, ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਪ੍ਰਚੂਨ ਮਹਿੰਗਾਈ ਦਰ 6.8 ਫ਼ੀਸਦੀ ਰਹਿ ਸਕਦੀ ਹੈ।
ਰਿਜ਼ਰਵ ਬੈਂਕ ਗਰਵਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦਾ ਵਿਚਾਰ ਹੈ ਕਿ ਜਲਦ ਨਸ਼ਟ ਹੋਣ ਵਾਲੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਨਾਲ ਸਰਦੀਆਂ ਦੇ ਮਹੀਨਿਆਂ 'ਚ ਥੋੜ੍ਹੀ ਰਾਹਤ ਨੂੰ ਛੱਡ ਕੇ ਮਹਿੰਗਾਈ ਦੇ ਤੇਜ਼ ਬਣੇ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ, ਪ੍ਰਚੂਨ ਮਹਿੰਗਾਈ ਦੇ 2020-21 ਦੀ ਚੌਥੀ ਤਿਮਾਹੀ 'ਚ ਘੱਟ ਹੋ ਕੇ 5.8 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦੋ ਮਹੀਨਾਵਾਰ ਮੁਦਰਾ ਨੀਤੀ ਸਮੀਖਿਆ ਬੈਠਕ ਦੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਤੇਜ਼ੀ ਨਾਲ ਵੱਧ ਕੇ ਸਤੰਬਰ 'ਚ 7.3 ਫ਼ੀਸਦੀ ਅਤੇ ਅਕਤੂਬਰ 'ਚ 7.6 ਫ਼ੀਸਦੀ 'ਤੇ ਪਹੁੰਚ ਗਈ। ਉਨ੍ਹਾਂ ਕਿਹਾ ਕਿ ਸਾਉਣੀ ਫਸਲਾਂ ਦੀ ਭਾਰੀ ਆਮਦ ਨਾਲ ਅਨਾਜ ਕੀਮਤਾਂ ਦਾ ਨਰਮ ਹੋਣਾ ਜਾਰੀ ਰਹਿ ਸਕਦਾ ਹੈ ਅਤੇ ਸਰਦੀਆਂ 'ਚ ਸਬਜ਼ੀਆਂ ਦੀ ਕੀਮਤ 'ਚ ਵੀ ਨਰਮੀ ਆ ਸਕਦੀ ਹੈ ਪਰ ਹੋਰ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਉੱਚੀਆਂ ਬਣੀਆਂ ਰਹਿਣ ਦਾ ਖਦਸ਼ਾ ਹੈ, ਜਿਨ੍ਹਾਂ ਦਾ ਪ੍ਰਭਾਵ ਮਹਿੰਗਾਈ 'ਤੇ ਬਣਿਆ ਰਹਿ ਸਕਦਾ ਹੈ।