ਸ਼੍ਰੀਲੰਕਾ ’ਚ ਮਹਿੰਗਾਈ ਜੁਲਾਈ ਮਹੀਨੇ ’ਚ 61 ਫੀਸਦੀ ਦੇ ਕਰੀਬ ਪਹੁੰਚੀ
Sunday, Jul 31, 2022 - 10:32 AM (IST)
ਕੋਲੰਬੋ (ਭਾਸ਼ਾ) – ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਹੇ ਸ਼੍ਰੀਲੰਕਾ ’ਚ ਮਹਿੰਗਾਈ ਜੁਲਾਈ ਮਹੀਨੇ ’ਚ ਵਧ ਕੇ 60.8 ਫੀਸਦੀ ਦੇ ਉੱਚ ਪੱਧਰ ’ਤੇ ਪਹੁੰਚ ਗਈ। ਸ਼੍ਰੀਲੰਕਾ ਦੇ ਅੰਕੜਾ ਵਿਭਾਗ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ’ਚ ਜੁਲਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਇਸ ਮਹੀਨੇ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ 60.8 ਫੀਸਦੀ ’ਤੇ ਪਹੁੰਚ ਗਈ। ਇਕ ਮਹੀਨਾ ਪਹਿਲਾਂ ਜੂਨ ’ਚ ਇਹ 54.6 ਫੀਸਦੀ ’ਤੇ ਸੀ। ਸ਼੍ਰੀਲੰਕਾ ’ਚ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਲਈ ਸਮੁੱਚੀ ਵਿਦੇਸ਼ ਮੁਦਰਾ ਨਾ ਹੋਣ ਕਾਰਨ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਵਿਦੇਸ਼ੀ ਮੁਦਰਾ ਭੰਡਾਰ ਦੀ ਘਾਟ ’ਚ ਖਾਣ ਵਾਲੇ ਪਦਾਰਥਾਂ ਅਤੇ ਈਂਧਨ ਦੀ ਕਮੀ ਦਾ ਸੰਕਟ ਬਣਿਆ ਹੋਇਆ ਹੈ।
ਜਨਗਣਨਾ ਅਤੇ ਅੰਕੜਾ ਵਿਭਾਗ ਨੇ ਕਿਹਾ ਕਿ ਜੁਲਾਈ ’ਚ ਖੁਰਾਕ ਮਹਿੰਗਾਈ ਸਾਲਾਨਾ ਆਧਾਰ ’ਤੇ 90.9 ਫੀਸਦੀ ਹੋ ਗਈ ਜਦ ਕਿ ਜੂਨ ’ਚ ਇਹ 80.1 ਫੀਸਦੀ ਰਹੀ ਸੀ। ਦੇਸ਼ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਮਹਿੰਗਾਈ ’ਚ ਵਾਧੇ ਦਾ ਸਿਲਸਿਲਾ ਹਾਲੇ ਜਾਰੀ ਰਹਿਣ ਦੇ ਆਸਾਰ ਹਨ ਅਤੇ ਇਹ 75 ਫੀਸਦੀ ਦੇ ਉੱਚ ਪੱਧਰ ਤੱਕ ਜਾ ਸਕਦੀ ਹੈ। ਸ਼੍ਰੀਲੰਕਾ ’ਚ ਜਾਰੀ ਆਰਥਿਕ ਸੰਕਟ ਨੇ ਸਿਆਸੀ ਅਸਥਿਰਤਾ ਅਤੇ ਜਨਤਕ ਨਾਰਾਜ਼ਗੀ ਵੀ ਪੈਦਾ ਕੀਤੀ ਹੈ। ਵਿਆਪਕ ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਗੋਟਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਅਤੇ ਰਾਨਿਲ ਵਿਕਰਮਸਿੰਘੇ ਨੇ ਨਵੇਂ ਰਾਸ਼ਟਰਪਤੀ ਵਜੋਂ ਕਮਾਨ ਸੰਭਾਲੀ ਹੈ। ਵਿਕਰਮਸਿੰਘੇ ਦੇ ਦਫਤਰ ਵਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਕੌਮਾਂਤਰੀ ਮੁਦਰਾ ਫੰਡ ਨਾਲ ਰਾਹਤ ਪੈਕੇਜ ਦੇ ਮੁੱਦੇ ’ਤੇ ਗੱਲਬਾਤ ਜਾਰੀ ਹੈ।