ਕੋਰੋਨਾ ਦੇ ਪ੍ਰਕੋਪ ਕਾਰਨ ਇੰਡਸਟਰੀ ਠੱਪ, ਸਪਲਾਈ ਚੇਨ ’ਤੇ ਵੀ ਵੱਡਾ ਅਸਰ
Tuesday, Dec 20, 2022 - 11:37 AM (IST)
ਨਵੀਂ ਦਿੱਲੀ–ਚੀਨ ’ਚ ਕੋਰੋਨਾ ਦੇ ਵਧ ਰਹੇ ਪ੍ਰਕੋਪ ਕਾਰਨ ਇੰਡਸਟਰੀ ਨੂੰ ਲੇਬਰ ਦੀ ਭਾਰੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ ਫੈਕਟਰੀਆਂ ’ਚ ਉਤਪਾਦਨ ਘੱਟ ਹੋ ਗਿਆ ਸਗੋਂ ਟਰੱਕਾਂ ਦੇ ਡਰਾਈਵਰ ਵੀ ਬੀਮਾਰ ਹੋ ਗਏ ਹਨ, ਜਿਸ ਕਾਰਨ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।
ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਚੀਨ ਤੋਂ ਸੰਭਾਲਿਆ ਨਹੀਂ ਜਾ ਰਿਹਾ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵਲੋਂ ਦੇਸ਼ ਦੇ ਵੱਡੇ ਸ਼ਹਿਰਾਂ ’ਚ ਕੋਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋ ਰਹੇ ਪ੍ਰਦਰਸ਼ਨਾਂ ਕਾਰਨ ਲਏ ਗਏ ਯੂਟਰਨ ਦਾ ਖਾਮੀਆਜ਼ਾ ਹੁਣ ਇੰਡਸਟਰੀ ਨੂੰ ਭੁਗਤਣਾ ਪੈ ਰਿਹਾ ਹੈ। ਚੀਨ ਦੀ ਰਾਜਧਾਨੀ ਪੇਈਚਿੰਗ ’ਚ ਹੀ 1 ਕਰੋੜ ਤੋਂ ਵੱਧ ਲੋਕ ਇਸ ਵੇਰੀਐਂਟ ਦੇ ਸ਼ਿਕਾਰ ਹੋ ਗਏ ਹਨ। ਪੇਈਚਿੰਗ ਦੀ ਆਬਾਦੀ ਕਰੀਬ 2.20 ਕਰੋੜ ਹੈ ਅਤੇ ਇਸ ’ਚੋਂ ਅੱਧੀ ਜਨਤਾ ਕੋਰੋਨਾ ਦੀ ਲਪੇਟ ’ਚ ਹੈ।
ਕਈ ਫੈਕਟਰੀਆਂ ਅਤੇ ਕਾਰਪੋਰੇਟ ਸੈਕਟਰ ਦੇ ਦਫਤਰਾਂ ਨੇ ਘਰ ਤੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਤਪਾਦਨ ’ਤੇ ਭਾਰੀ ਅਸਰ ਪਿਆ ਹੈ। ਪ੍ਰਿੰਟਿਡ ਸੈਕਟਰ ਬੋਰਡ ਫੈਕਟਰੀ ਚਲਾਉਣ ਵਾਲੇ ਸੀ. ਈ. ਓ. ਨੇ ਕਿਹਾ ਕਿ ਪਿਛਲੇ ਹਫਤੇ ਸਿਰਫ 20 ਫੀਸਦੀ ਸਟਾਫ ਹੀ ਕੰਮ ’ਤੇ ਆਇਆ ਹੈ ਅਤੇ ਹੋਰ ਸਟਾਫ ਕੋਵਿਡ ਕਾਰਨ ਬੀਮਾਰ ਪਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਜਿਸ ਤਰੀਕੇ ਨਾਲ ਇਕ ਤੋਂ ਬਾਅਦ ਇਕ ਵਰਕਰ ਪਾਜ਼ੇਟਿਵ ਹੋ ਰਹੇ ਹਨ, ਉਸ ਨਾਲ ਮੈਨੂੰ ਫੈਕਟਰੀ ਬੰਦ ਕਰਨੀ ਪੈ ਸਕਦੀ ਹੈ।
ਲੇਬਰ ਫੈਕਟਰੀ ਮਾਲਕਾਂ ਦੇ ਕੰਟਰੋਲ ਤੋਂ ਬਾਹਰ
ਦਰਅਸਲ ਚੀਨ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨਾਲ ਨਜਿੱਠਣ ’ਚ ਅਸਫਲ ਸਾਬਤ ਹੋ ਰਿਹਾ ਹੈ, ਲਿਹਾਜਾ ਇੰਡਸਟਰੀ ਇਸ ਨਾਲ ਨਜਿੱਠਣ ਦੇ ਤੌਰ-ਤਰੀਕਿਆਂ ਨਾਲ ਸਬੰਧਤ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ ਗਈ ਹੈ, ਜਿਸ ਕਾਰਨ ਉਦਯੋਗਪਤੀ ਦੁਚਿੱਤੀ ’ਚ ਫਸੇ ਹੋਏ ਹਨ ਕਿਉਂਕਿ ਚੀਨ ’ਚ ਸਥਾਨਕ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਕੋਰੋਨਾ ਨੂੰ ਕਾਬੂ ਕਰਨ ਲਈ ਸਖਤ ਗਾਈਡਲਾਈਨ ਜਾਰੀ ਕੀਤੀਆਂ ਹੋਈਆਂ ਹਨ, ਜਿਸ ਕਾਰਨ ਫੈਕਟਰੀ ਦੇ ਮਾਲਕਾਂ ਦਾ ਆਪਣੇ ਸਟਾਫ ’ਤੇ ਕੰਟਰੋਲ ਨਹੀਂ ਰਹਿ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਮ ਕਰਨ ਲਈ ਕੋਈ ਵਰਕਰ ਨਹੀਂ ਰਹਿ ਗਿਆ ਹੈ, ਲਿਹਾਜਾ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਐਪਲ ਦੀ ਫੈਕਟਰੀ ’ਚ ਸੁਸਤ ਰਫਤਾਰ ਨਾਲ ਸ਼ੁਰੂ ਹੋਇਆ ਕੰਮ
ਇਸ ਦਰਮਿਆਨ ਐਪਲ ਆਈਫੋਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਫਾਕਸਕਾਨ ਦੇ ਜੈਂਗਜੂ ਕੈਂਪਸ ’ਚ ਹੁਣ ਆਈਫੋਨ ਦਾ ਨਿਰਮਾਣ ਮੁੜ ਸੁਸਤ ਰਫਤਾਰ ਨਾਲ ਸ਼ੁਰੂ ਹੋ ਰਿਹਾ ਹੈ। ਅਕਤੂਬਰ ’ਚ ਇੱਥੇ ਕੋਰੋਨਾ ਫੈਲਣ ਤੋਂ ਬਾਅਦ ਵਰਕਰਾਂ ਨੇ ਕੰਮ ’ਤੇ ਆਉਣਾ ਬੰਦ ਕਰ ਦਿੱਤਾ ਸੀ ਪਰ ਹੁਣ ਇਸ ਮਹੀਨੇ ਫਾਕਸਕਾਨ ਨੇ ਪੀ. ਸੀ. ਆਰ. ਟੈਸਟਿੰਗ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਟਲ ਬੈਰੀਅਰ ਵੀ ਹਟਾ ਲਏ ਗਏ ਹਨ। ਜਿਨ੍ਹਾਂ ਵਰਕਰਾਂ ਨੂੰ ਕੋਰੋਨਾ ਹੋਇਆ ਹੈ, ਉਨ੍ਹਾਂ ਨੂੰ ਵੱਖ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਥਾਂ ਨਵੇਂ ਵਰਕਰ ਕੰਮ ’ਤੇ ਰੱਖ ਕੇ ਹੌਲੀ-ਹੌਲੀ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਰਵਰੀ ’ਚ ਸਥਿਤੀ ਆਮ ਵਾਂਗ ਹੋਣ ਦੇ ਆਸਾਰ
ਮਾਹਰਾਂ ਦਾ ਮੰਨਣਾ ਹੈ ਕਿ ਐਪਲ ਦੀ ਇਸ ਫੈਕਟਰੀ ’ਚ ਫਰਵਰੀ ਤੱਕ ਵਰਕਰਾਂ ਦੀ ਕਮੀ ਰਹਿ ਸਕਦੀ ਹੈ ਕਿਉਂਕਿ ਚੀਨ ’ਚ ਨਵੇਂ ਸਾਲ ਕਾਰਨ ਕਰੀਬ 29 ਕਰੋੜ ਵਰਕਰ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਆਪਣੇ ਘਰਾਂ ਨੂੰ ਜਾ ਰਹੇ ਹਨ, ਜਿਸ ਕਾਰਨ ਚੀਨ ’ਚ ਵਰਕਰਾਂ ਦੀ ਕਮੀ ਪੈਦਾ ਹੋ ਗਈ ਹੈ। ਖਾਸ ਤੌਰ ’ਤੇ ਉਨ੍ਹਾਂ ਇੰਡਸਟ੍ਰੀਜ਼ ’ਤੇ ਇਸ ਦਾ ਅਸਰ ਜ਼ਿਆਦਾ ਪੈ ਰਿਹਾ ਹੈ, ਜੋ ਮਾਈਗ੍ਰੈਂਟ ਵਰਕਰਸ ਦੇ ਸਹਾਰੇ ਹੀ ਚਲਦੀਆਂ ਹਨ।
ਚੀਨ ਦੇ ਈ. ਯੂ. ਚੈਂਬਰ ਆਫ ਕਾਮਰਸ ਦੇ ਮੁਖੀ ਜਾਰਗ ਵੁਟਕੇ ਮੁਤਾਬਕ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਵੱਡੀ ਗਿਣਤੀ ’ਚ ਟਰੱਕ ਡਰਾਈਵਰ ਵੀ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਕਠਿਨ ਜਾਂਚ ਪ੍ਰਕਿਰਿਆ ’ਚੋਂ ਲੰਘਣਾ ਪੈ ਰਿਹਾ ਹੈ, ਜਿਸ ਨਾਲ ਲੱਖਾਂ ਦੀ ਗਿਣਤੀ ’ਚ ਟਰੱਕ ਸੜਕਾਂ ਤੋਂ ਹਟ ਗਏ ਹਨ ਅਤੇ ਇਕ ਦਿਨ ’ਚ ਪਹੁੰਚਣ ਵਾਲਾ ਸਾਮਾਨ ਹਫਤਿਆਂ ਦਾ ਸਮਾਂ ੈ ਰਿਹਾ ਹੈ। ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਫੈਕਟਰੀਆਂ ’ਚ ਉਤਪਾਦਨ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਇਸ ਦਰਮਿਆਨ 2022 ’ਚ ਵਰਕਰਾਂ ਦੀ ਤਨਖਾਹ ’ਚ ਕਟੌਤੀ ਹੋਣ ਕਾਰਨ ਕਸਟਮਰ ਕੌਨਫੀਡੈਂਸ ’ਚ ਵੀ ਗਿਰਾਵਟ ਦੇਖੀ ਗਈ ਹੈ, ਜਿਸ ਦਾ ਅਸਰ ਆਉਣ ਵਾਲੇ ਫੈਸਟੀਵਲ ਸੀਜ਼ਨ ਦੌਰਾਨ ਵਿਕਰੀ ’ਤੇ ਵੀ ਪਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।