ਇੰਡਸਇੰਡ ਬੈਂਕ ਨੇ ਜ਼ੀ ਐਂਟਰਟੇਨਮੈਂਟ ਖਿਲਾਫ NCLT ’ਚ ਲਗਾਈ ਅਰਜ਼ੀ
Sunday, Feb 06, 2022 - 07:25 PM (IST)
ਨਵੀਂ ਦਿੱਲੀ (ਭਾਸ਼ਾ) – ਨਿੱਜੀ ਖੇਤਰ ਦੇ ਕਰਜ਼ਦਾਤਾ ਇੰਡਸਇੰਡ ਬੈਂਕ ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ਜ਼ੀਲ) ਖਿਲਾਫ ਕਰਜ਼ਾ ਸਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਸਾਹਮਣੇ ਅਰਜ਼ੀ ਲਗਾਈ ਹੈ। ਇੰਡਸਇੰਡ ਬੈਂਕ ਨੇ ਐੱਨ.ਸੀ. ਐੱਲ. ਟੀ. ਦੀ ਮੁੰਬਈ ਬੈਂਚ ਦੇ ਸਾਹਮਣੇ ਦਾਇਰ ਆਪਣੀ ਅਰਜ਼ੀ ’ਚ ਕਿਹਾ ਕਿ ਜ਼ੀ ਸਮੂਹ ਦੀ ਮੀਡੀਆ ਅਤੇ ਮਨੋਰੰਜਨ ਕੰਪਨੀ ਜ਼ੀਲ ਨੇ 83.08 ਕਰੋੜ ਰੁਪਏ ਦੇ ਕਰਜ਼ੇ ਦੇ ਭੁਗਤਾਨ ’ਚ ਡਿਫਾਲਟ ਕੀਤਾ ਹੈ।
ਜ਼ੀਲ ਨੇ ਸ਼ੁੱਕਰਵਾਰ ਸ਼ਾਮ ਨੂੰ ਸ਼ੇਅਰ ਬਾਜ਼ਾਰ ਨੂੰ ਇਸ ਘਟਨਾਕ੍ਰਮ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇੰਡਸਇੰਡ ਬੈਂਕ ਨੇ ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ਦੇ ਸਾਹਮਣੇ ਕਰਜ਼ਾ ਸਲਿਊਸ਼ਨਲ ਪ੍ਰਕਿਰਿਆ ਸ਼ੁਰੂ ਕਰਨ ਲਈ ਅਰਜ਼ੀ ਲਗਾਈ ਹੈ। ਕੰਪਨੀ ’ਤੇ 83.08 ਕਰੋੜ ਰੁਪਏ ਦੇ ਡਿਫਾਲਟ ਦਾ ਦੋਸ਼ ਹੈ।
ਜ਼ੀ ਸਮੂਹ ਦੀ ਕੰਪਨੀ ਨੇ ਕਿਹਾ ਕਿ ਬੈਂਕ ਨੇ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਇਹ ਅਰਜ਼ੀ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਰਡ ਦੀ ਧਾਰਾ ਸੱਤ ਦੇ ਤਹਿਤ ਦਾਖਲ ਕੀਤੀ ਹੈ। ਇਸ ਧਾਰਾ ਦੇ ਤਹਿਤ ਕੋਈ ਕਰਜ਼ਦਾਤਾ ਇਕ ਕਰੋੜ ਰੁਪਏ ਤੋਂ ਵੱਧ ਦੇ ਡਿਫਾਲਟ ’ਤੇ ਕਰਜ਼ਾ ਸਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਐੱਨ. ਸੀ. ਐੱਲ. ਟੀ. ਦਾ ਰੁਖ ਕਰ ਸਕਦਾ ਹੈ।
ਜ਼ੀ ਐਂਟਰਟੇਨਮੈਂਟ ਨੇ ਇਸ ’ਤੇ ਕਿਹਾ ਕਿ ਉਹ ਇੰਡਸਇੰਡ ਬੈਂਕ ਨੇਲ ਹੋਏ ਡੀ. ਐੱਸ. ਆਰ. ਏ. ਗਾਰੰਟੀ ਸਮਝੌਤੇ ’ਚ ਸ਼ਾਮਲ ਰਿਹਾ ਹੈ। ਬੈਂਕ ਨੇ ਇਹ ਸਮਝੌਤਾ ਜ਼ੀ ਸਮੂਹ ਦੀ ਇਕ ਹੋਰ ਫਰਮ ਸਿਟੀ ਨੈੱਟਵਰਕਸ ਲਿਮਟਿਡ ਨਾਲ ਵੀ ਕੀਤਾ ਸੀ। ਕੰਪਨੀ ਮੁਤਾਬਕ ਡੀ. ਐੱਸ. ਆਰ. ਏ. ਸਮਝੌਤਾ ਤਹਿਤ ਕਰਜ਼ਾ ਮੋੜਨ ’ਚ ਕਥਿਤ ਡਿਫਾਲਟ ਨਾਲ ਜੁੜਿਅਾ ਮਾਮਲਾ ਦਿੱਲੀ ਹਾਈਕੋਰਟ ਦੇ ਸਾਹਮਣੇ ਪੈਂਡਿੰਗ ਹੈ। ਉਸ ਨੇ ਕਿਹਾ ਕਿ ਬੈਂਕ ਵਲੋਂ ਐੱਨ. ਸੀ. ਐੱਲ. ਟੀ. ’ਚ ਅਰਜ਼ੀ ਲਗਾਉਣਾ ਇਸ ਮਾਮਲੇ ’ਚ ਤਿੰਨ ਦਸੰਬਰ 2021 ਨੂੰ ਪਾਸ ਹੁਕਮ ਦੀ ਉਲੰਘਣਾ ਹੈ। ਉਸ ਨੇ ਇਸ ਸੰਦਰਭ ’ਚ ਸਮੁੱਚੇ ਕਾਨੂੰਨੀ ਕਦਮ ਚੁੱਕਣ ਦੀ ਗੱਲ ਵੀ ਕਹੀ।