ਇੰਡੀਗੋ ਕਰਮਚਾਰੀਆਂ ਦੀ ਤਨਖਾਹ ’ਚ ਮਈ ਤੋਂ ਕਰੇਗੀ ਕਟੌਤੀ
Saturday, May 09, 2020 - 02:20 AM (IST)

ਨਵੀਂ ਦਿੱਲੀ (ਭਾਸ਼ਾ)-ਸਸਤੀ ਉਡਾਣ ਸੇਵਾ ਦੇਣ ਵਾਲੀ ਨਿੱਜੀ ਹਵਾਬਾਜ਼ੀ ਕੰਪਨੀ ਇੰਡੀਗੋ ਮਈ ਤੋਂ ਆਪਣੇ ਉੱਚ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਕਰੇਗੀ। ਇਸ ਤੋਂ ਇਲਾਵਾ ਮਈ, ਜੂਨ ਅਤੇ ਜੁਲਾਈ ’ਚ ਕੁੱਝ ਕਰਮਚਾਰੀਆਂ ਨੂੰ ‘ਸ਼੍ਰੇਣੀਬੱਧ ਤਰੀਕੇ ਨਾਲ ਸੀਮਿਤ ਬਿਨਾਂ ਤਨਖਾਹ ਦੀਆਂ ਛੁੱਟੀਆਂ’ ’ਤੇ ਵੀ ਭੇਜੇਗੀ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਣਜਯ ਦੱਤਾ ਨੇ ਇਸ ਸਬੰਧੀ ਕੰਪਨੀ ਦੇ ਕਰਮਚਾਰੀਆਂ ਨੂੰ ਈ-ਮੇਲ ਸੰਦੇਸ਼ ਭੇਜਿਆ ਹੈ। ਈ-ਮੇਲ ਸੰਦੇਸ਼ ਮੁਤਾਬਕ ਦੱਤਾ ਨੇ ਕਿਹਾ,‘‘ਅਸੀਂ ਮਾਰਚ ਅਤੇ ਅਪ੍ਰੈਲ ’ਚ ਕਰਮਚਾਰੀਆਂ ਦੀ ਪੂਰੀ ਤਨਖਾਹ ਦਿੱਤੀ। ਹੁਣ ਸਾਡੇ ਕੋਲ ਮੂਲ ਰੂਪ ਨਾਲ ਐਲਾਨੀ ਤਨਖਾਹ ਕਟੌਤੀ ਨੂੰ ਮਈ 2020 ਤੋਂ ਲਾਗੂ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ।’’ ਇੰਡੀਗੋ ਨੇ 19 ਮਾਰਚ ਨੂੰ ਉੱਚ ਅਧਿਕਾਰੀਆਂ ਦੀ ਤਨਖਾਹ ’ਚ ਕਟੌਤੀ ਦਾ ਐਲਾਨ ਕੀਤਾ ਸੀ ਪਰ ਸਰਕਾਰ ਦੀ ਅਪੀਲ ਨੂੰ ਧਿਆਨ ’ਚ ਰੱਖਦੇ ਹੋਏ ਉਸ ਨੇ ਇਸ ਨੂੰ 23 ਅਪ੍ਰੈਲ ਨੂੰ ਵਾਪਸ ਲੈ ਲਿਆ।