ਇਸ ਸੂਬੇ ਦੇ ਲੋਕਾਂ ਨੂੰ ਮੌਜ, ਬਾਹਰੋਂ 22 ਰੁਪਏ ਸਸਤਾ ਖਰੀਦ ਰਹੇ ਪੈਟਰੋਲ!

05/26/2018 4:41:29 PM

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਕਾਰਨ ਜਿੱਥੇ ਦੇਸ਼ ਭਰ 'ਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਇਕ ਸੂਬਾ ਅਜਿਹਾ ਹੈ ਜਿੱਥੇ ਦੇ ਲੋਕ ਤਕਰੀਬਨ 22 ਰੁਪਏ ਘੱਟ ਕੀਮਤ 'ਤੇ ਪੈਟਰੋਲ ਬਾਹਰੋਂ ਖਰੀਦ ਰਹੇ ਹਨ। ਭਾਰਤ 'ਚ ਪਿਛਲੇ 12 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ। ਸ਼ਨੀਵਾਰ ਨੂੰ ਪੈਟਰੋਲ 14 ਪੈਸੇ ਅਤੇ ਡੀਜ਼ਲ 25 ਪੈਸੇ ਹੋਰ ਮਹਿੰਗਾ ਹੋ ਗਿਆ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਹੀ ਇਕ ਸੂਬੇ ਦੇ ਲੋਕ 20-22 ਰੁਪਏ ਘੱਟ 'ਚ ਪੈਟਰੋਲ ਅਤੇ ਡੀਜ਼ਲ ਖਰੀਦ ਰਹੇ ਹਨ। ਇੱਥੇ ਦੇ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ। ਹੁਣ ਤੁਸੀਂ ਸੋਚਦੇ ਹੋਵੋਗੇ ਆਖਰ ਅਜਿਹਾ ਕਿਵੇਂ ਹੋ ਸਕਦਾ ਹੈ?
ਰਿਪੋਰਟਾਂ ਮੁਤਾਬਕ, ਦੇਸ਼ ਦੀ ਰਾਜਧਾਨੀ ਤੋਂ ਲਗਭਗ 1,897 ਕਿਲੋਮੀਟਰ ਦੂਰ ਇਹ ਸੂਬਾ ਹੈ ਅਸਾਮ, ਜਿਸ ਦੇ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ। ਅਸਾਮ ਦੇ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀਆਂ ਗੱਡੀਆਂ ਕਦੇ ਵੀ ਭੂਟਾਨ ਦੇ ਸੈਮਡ੍ਰਪ ਜੋਂਗਖਾਰ ਪਹੁੰਚ ਜਾਂਦੀਆਂ ਹਨ ਅਤੇ ਉਹ ਵੀ ਬਿਨਾਂ ਕਿਸੇ ਰੁਕਾਵਟ। ਅਸਾਮ ਦੇ ਸਰਹੱਦੀ ਇਲਾਕੇ ਦੇ ਸੈਂਕੜੇ ਲੋਕ ਰੋਜ਼ਾਨਾ ਪੈਟਰੋਲ-ਡੀਜ਼ਲ ਲੈਣ ਲਈ ਭੂਟਾਨ ਜਾਂਦੇ ਹਨ। ਭੂਟਾਨ ਦੀ ਕਰੰਸੀ ਭਾਰਤੀ ਕਰੰਸੀ ਦੇ ਲਗਭਗ ਬਰਾਬਰ ਹੀ ਹੈ ਅਤੇ ਦੋਵੇਂ ਇਕ-ਦੂਜੇ ਦੀ ਕਰੰਸੀ ਸਵੀਕਾਰ ਕਰਦੇ ਹਨ।

ਕਿੰਨਾ ਸਸਤਾ ਪੈਂਦਾ ਹੈ ਪੈਟਰੋਲ-ਡੀਜ਼ਲ—
ਅਸਾਮ 'ਚ ਪੈਟਰੋਲ ਦੀ ਕੀਮਤ ਲਗਭਗ 76 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਭੂਟਾਨ 'ਚ 52 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ 20 ਰੁਪਏ ਦੇ ਨੇੜੇ-ਤੇੜੇ ਸਸਤਾ ਪੈਂਦਾ ਹੈ। ਇੱਥੇ ਤੁਹਾਨੂੰ ਹੈਰਾਨੀ ਹੋਵੇਗੀ ਇਹ ਪੈਟਰੋਲ ਭਾਰਤ ਤੋਂ ਹੀ ਭੂਟਾਨ ਜਾਂਦਾ ਹੈ। ਰਿਪੋਰਟਾਂ ਮੁਤਾਬਕ, ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਭੂਟਾਨ 'ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰਦੇ ਹਨ। 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ 'ਤੇ ਭੂਟਾਨ ਨੂੰ ਕੀਤੇ ਜਾਣ ਵਾਲੇ ਸਾਰੇ ਐਕਸਪੋਰਟ ਜ਼ੀਰੋ ਰੇਟੇਡ ਹੋ ਗਏ ਹਨ। ਇਸ ਲਈ ਭੂਟਾਨ ਤੋਂ ਜੋ ਐਕਸਾਈਜ਼ ਡਿਊਟੀ ਲਈ ਜਾਂਦੀ ਸੀ, ਉਹ ਹੁਣ ਰਿਫੰਡ ਕੀਤੀ ਜਾਂਦੀ ਹੈ। ਇਸ ਵਜ੍ਹਾ ਨਾਲ ਭੂਟਾਨ 'ਚ ਪੈਟਰੋਲ ਦੀ ਕੀਮਤ 'ਚ 17 ਫੀਸਦੀ ਅਤੇ ਡੀਜ਼ਲ 'ਚ 14 ਫੀਸਦੀ ਦੀ ਕਟੌਤੀ ਹੋ ਜਾਂਦੀ ਹੈ। ਉੱਥੇ ਹੀ ਇਸ ਕਾਰਨ ਭੂਟਾਨ ਦੇ ਰੈਵੇਨਿਊ 'ਚ ਵੀ ਕਮੀ ਆਈ ਹੈ ਪਰ ਘਾਟੇ ਨੂੰ ਘਟਾਉਣ ਲਈ ਉਸ ਨੇ ਕੋਈ ਨਵੇਂ ਟੈਕਸ ਨਹੀਂ ਲਗਾਏ। ਸੈਮਡ੍ਰਪ ਜੋਂਗਖਾਰ ਦੇ ਇਕ ਤੇਲ ਡੀਲਰ ਮੁਤਾਬਕ ਫਰਵਰੀ ਤਕ ਭਾਰਤੀਆਂ ਦੇ ਤੇਲ ਖਰੀਦਣ 'ਤੇ ਕੋਈ ਲਿਮਟ ਨਹੀਂ ਸੀ ਪਰ ਬਾਅਦ 'ਚ ਇਹ ਲਿਮਟ 500 ਰੁਪਏ ਪ੍ਰਤੀ ਵਿਅਕਤੀ ਕਰ ਦਿੱਤੀ ਗਈ। ਅਜਿਹਾ ਇਸ ਲਈ ਕਿਉਂਕਿ ਕੁਝ ਲੋਕ ਇਸ ਦਾ ਗਲਤ ਤਰੀਕੇ ਨਾਲ ਫਾਇਦਾ ਉਠਾ ਰਹੇ ਸਨ।


Related News