ਭਾਰਤੀਆਂ ਨੇ ਸਾਲ 2021 ’ਚ ਕੀਤੀ 797.3 ਟਨ ਸੋਨੇ ਦੀ ਖ਼ਪਤ, 2020 ਦੇ ਮੁਕਾਬਲੇ 78.6 ਫੀਸਦੀ ਉਛਾਲ

Saturday, Jan 29, 2022 - 09:50 AM (IST)

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਕਾਲ ਦੇ ਬਾਵਜੂਦ ਦੇਸ਼ ’ਚ ਸੋਨੇ ਪ੍ਰਤੀ ਖਿੱਚ ਘੱਟ ਨਹੀਂ ਹੋਈ ਸਗੋਂ ਵਧਦੀ ਹੀ ਗਈ। ਇਹ ਰੁਝਾਨ ਤਾਜ਼ਾ ਰਿਪੋਰਟ ’ਚ ਦੇਖਣ ਨੂੰ ਮਿਲਿਆ ਹੈ। ਖਪਤਕਾਰ ਧਾਰਨਾ ’ਚ ਸੁਧਾਰ ਅਤੇ ਕੋਵਿਡ-19 ਨਾਲ ਸਬੰਧਤ ਰੁਕਾਵਟਾਂ ਤੋਂ ਬਾਅਦ ਮੰਗ ’ਚ ਤੇਜ਼ੀ ਆਉਣ ਨਾਲ ਭਾਰਤ ’ਚ ਸੋਨੇ ਦੀ ਖਪਤ 2021 ’ਚ ਵਧ ਕੇ 797.3 ਟਨ ਹੋ ਗਈ। ਇਸ ਸਾਲ ਵੀ ਤੇਜ਼ੀ ਦਾ ਰੁਖ ਜਾਰੀ ਰਹਿਣ ਦਾ ਅਨੁੁਮਾਨ ਹੈ।

ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ‘ਸੋਨੇ ਦੀ ਮੰਗ ’ਚ ਰੁਝਾਨ 2021’ ਰਿਪੋਰਟ ’ਚ ਕਿਹਾ ਕਿ 2021 ’ਚ ਸੋਨੇ ਦੀ ਮੰਗ 78.6 ਫੀਸਦੀ ਦੇ ਵਾਧੇ ਨਾਲ 797.3 ਟਨ ਹੋ ਗਈ ਜੋ ਸਾਲ 2020 ’ਚ 446.4 ਟਨ ਸੀ। ਡਬਲਯੂ. ਜੀ. ਸੀ. ’ਚ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਸਾਲ 2021 ਨੇ ਸੋਨੇ ਬਾਰੇ ਰਵਾਇਤੀ ਸੋਚ ਦੀ ਤਾਕਤ ਨੂੰ ਮੁੜ ਪ੍ਰਮਾਣਿਤ ਕੀਤਾ ਹੈ ਅਤੇ ਰਿਵਾਈਵਲ ’ਚ ਕਈ ਸਬਕ ਦਿੱਤੇ ਜੋ ਆਉਣ ਵਾਲੇ ਸਾਲਾਂ ਲਈ ਨੀਤੀਗਤ ਸੋਚ ਨੂੰ ਆਕਾਰ ਦੇਣਗੇ।

ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ

ਸੋਨੇ ਦੇ ਗਹਿਣਿਆਂ ਦੀ ਮੰਗ ਹੋਈ ਦੁੱਗਣੀ

ਪੀ. ਆਰ. ਮੁਤਾਬਕ ਭਾਰਤ ’ਚ ਸੋਨੇ ਦੀ ਮੰਗ 79 ਫੀਸਦੀ ਵਧ ਕੇ 797.3 ਟਨ ਹੋ ਗਈ ਜੋ ਮੁੱਖ ਤੌਰ ’ਤੇ ਚੌਥੀ ਤਿਮਾਹੀ ਦੀ 343 ਟਨ ਦੀ ਸਾਧਾਰਣ ਮੰਗ ਦਾ ਨਤੀਜਾ ਹੈ। ਇਹ ਮੰਗ ਤੀਜੀ ਤਿਮਾਹੀ ’ਚ ਪ੍ਰਗਟਾਏ ਗਏ ਸਾਡੇ ਅਨੁਮਾਨ ਤੋਂ ਵੀ ਅੱਗੇ ਨਿਕਲ ਗਈ ਅਤੇ ਸਭ ਤੋਂ ਚੰਗੀ ਤਿਮਾਹੀ ਸਾਬਤ ਹੋਈ। ਸਾਲ 2022 ਲਈ ਸੋਮਸੁੰਦਰਮ ਨੇ ਕਿਹਾ ਕਿ ਮੌਜੂਦਾ ਸਥਿਤੀ ਜੇ ਜਾਰੀ ਰਹਿੰਦੀ ਹੈ ਅਤੇ ਕੋਈ ਵਿਸ਼ੇਸ਼ ਰੁਕਾਵਟ ਨਹੀਂ ਆਉਂਦੀ ਹੈ ਤਾਂ ਸੋਨੇ ਦੀ ਮੰਗ ਕਰੀਬ 800-850 ਟਨ ਰਹਿਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸੋਨੇ ਦੇ ਗਹਿਣਿਆਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 2021 ’ਚ ਦੱਗਣੀ ਹੋ ਗਈ ਅਤੇ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਵੀ ਪਾਰ ਕਰ ਕੇ 6 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਈ। ਚੌਥੀ ਤਿਮਾਹੀ ’ਚ 265 ਟਨ ਦੀ ਰਿਕਾਰਡ ਮੰਗ ਰਹੀ।

ਇਹ ਵੀ ਪੜ੍ਹੋ : 2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ

ਮੁੱਲ ਦੇ ਆਧਾਰ ’ਤੇ ਗਹਿਣਿਆਂ ਦੀ ਮੰਗ

ਮੁੱਲ ਦੇ ਆਧਾਰ ’ਤੇ ਦੇਖੀਏ ਤਾਂ ਗਹਿਣਿਆਂ ਦੀ ਮੰਗ 96 ਫੀਸਦੀ ਦੇ ਵਾਧੇ ਨਾਲ 2,61,140 ਕਰੋੜ ਰੁਪਏ ’ਤੇ ਪਹੁੰਚ ਗਈ। 2020 ’ਚ ਇਹ 1,33,260 ਕਰੋੜ ਰੁਪਏ ਸੀ। ਕੁੱਲ ਨਿਵੇਸ਼ ਮੰਗ 2021 ’ਚ 43 ਫੀਸਦੀ ਵਧ ਕੇ 186.5 ਟਨ ਹੋ ਗਈ। ਮੁੱਲ ਦੇ ਲਿਹਾਜ ਨਾਲ ਮੰਗ 45 ਫੀਸਦੀ ਦੇ ਵਾਧੇ ਨਾਲ 79,720 ਕਰੋੜ ਰੁਪਏ ਹੋ ਗਈ। ਹਾਲਾਂਕਿ ਦੇਸ਼ ’ਚ ਕੁੱਲ ਗੋਲਡ ਰੀਸਾਈਕਲਿੰਗ 21 ਫੀਸਦੀ ਘਟ ਕੇ 75.2 ਟਨ ਰਹਿ ਗਈ। ਭਾਰਤ ’ਚ ਕੁੱਲ ਗੋਲਡ ਦਰਾਮਦ 165 ਫੀਸਦੀ ਵਧ ਕੇ 924.6 ਟਨ ਹੋ ਗਈ।

ਦੁਨੀਆ ’ਚ ਸੋਨੇ ਦੀ ਮੰਗ 4,021 ਟਨ ਹੋਈ

ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਸੀ. ਜੀ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਸੰਬਰ ’ਚ ਖਤਮ ਹੋਈ ਤਿਮਾਹੀ ਦੌਰਾਨ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ ਸੋਨੇ ਦੀ ਮੰਗ ’ਚ 50 ਫੀਸਦੀ ਦੇ ਭਾਰੀ ਵਾਧੇ ਕਾਰਨ 2021 ’ਚ ਇਹ 10 ਫੀਸਦੀ ਵਧ ਕੇ 4,021.3 ਟਨ ਹੋ ਗਈ। ਰਿਪੋਰਟ ਮੁਤਾਬਕ 2020 ’ਚ ਸੋਨੇ ਦੀ ਕੁੱਲ ਮੰਗ 3,658.8 ਟਨ ਸੀ। ਰਿਪੋਰਟ ’ਚ ਕਿਹਾ ਗਿਆ ਕਿ ਲਗਾਤਾਰ 12ਵੇਂ ਸਾਲ ਵੀ ਸੋਨੇ ਦੇ ਸ਼ੁੱਧ ਖਰੀਦਦਾਰ ਕੇਂਦਰੀ ਬੈਂਕ ਰਹੇ, ਜਿਨ੍ਹਾਂ ਨੇ 463 ਟਨ ਸੋਨਾ ਖਰੀਦਿਆ ਜੋ 2020 ਦੇ ਮੁਕਾਬਲੇ 82 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਸਪਾਈਸ ਜੈੱਟ ਨੂੰ ਬੰਦ ਕਰਨ ਦੇ ਆਦੇਸ਼ 'ਤੇ ਤਿੰਨ ਹਫ਼ਤਿਆਂ ਲਈ ਲਗਾਈ ਰੋਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News