ਭਾਰਤੀ ਰੇਲਵੇ ਫਾਈਨੈਂਸ ਕਾਰਪੋਰੇਸ਼ਨ ਨਾਲ 2021 'ਚ ਸ਼ੁਰੂ ਹੋ ਰਿਹੈ IPO ਸੀਜ਼ਨ
Wednesday, Jan 13, 2021 - 05:54 PM (IST)
ਮੁੰਬਈ- ਭਾਰਤੀ ਰੇਲਵੇ ਫਾਈਨੈਂਸ ਕਾਰਪੋਰੇਸ਼ਨ (ਆਈ. ਆਰ. ਐੱਫ. ਸੀ.) ਦੇ ਲਗਭਗ 4,600 ਕਰੋੜ ਰੁਪਏ ਜੁਟਾਉਣ ਦੀ ਪਹਿਲੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਨਾਲ 2021 ਵਿਚ 'ਆਈ. ਪੀ. ਓ. ਸੀਜ਼ਨ' ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਆਈ. ਆਰ. ਐੱਫ. ਸੀ. ਪਬਲਿਕ ਸੈਕਟਰ ਦੀ ਪਹਿਲੀ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਹੈ ਜੋ ਜਨਤਕ ਹੋਣ ਜਾ ਰਹੀ ਹੈ। ਇਸ ਮਗਰੋਂ ਜਲਦ ਹੀ ਇੰਡੀਗੋ ਪੇਂਟਸ ਦਾ ਵੀ ਆਈ. ਪੀ. ਓ. ਆਉਣ ਵਾਲਾ ਹੈ।
ਭਾਰਤੀ ਰੇਲਵੇ ਫਾਈਨੈਂਸ ਕਾਰਪੋਰੇਸ਼ਨ ਦਾ ਆਈ. ਪੀ. ਓ. 18 ਜਨਵਰੀ ਨੂੰ ਖੁੱਲੇਗਾ ਅਤੇ 20 ਜਨਵਰੀ ਨੂੰ ਬੰਦ ਹੋ ਜਾਵੇਗਾ। ਆਈ. ਆਰ. ਐੱਫ. ਸੀ. 575 ਦੇ ਲਾਟ ਸਾਈਜ਼ ਨਾਲ 25 ਤੋਂ 26 ਰੁਪਏ ਦੇ ਪ੍ਰਾਈਸ ਬੈਂਡ 'ਤੇ ਸ਼ੇਅਰ ਜਾਰੀ ਕਰ ਰਿਹਾ ਹੈ। ਇਸ ਵੱਲੋਂ ਕੁੱਲ 178 ਕਰੋੜ ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। 1986 ਵਿਚ ਸਥਾਪਤ ਆਈ. ਆਰ. ਐੱਫ. ਸੀ. ਭਾਰਤੀ ਰੇਲਵੇ ਦੀ ਇਕ ਸਮਰਪਿਤ ਫਾਈਨੈਂਸ ਕੰਪਨੀ ਹੈ।
ਗੌਰਤਲਬ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਅਪ੍ਰੈਲ 2017 ਵਿਚ ਪੰਜ ਰੇਲਵੇ ਕੰਪਨੀਆਂ ਦੀ ਸੂਚੀ ਨੂੰ ਲਿਸਟਿੰਗ ਦੀ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਵਿਚੋਂ ਚਾਰ- ਇਰਕੌਨ ਇੰਟਰਨੈਸ਼ਨਲ ਲਿਮਟਿਡ, ਰਾਈਟਸ ਲਿਮਟਿਡ, ਰੇਲ ਵਿਕਾਸ ਨਿਗਮ ਲਿਮਟਿਡ ਅਤੇ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਪਹਿਲਾਂ ਹੀ ਸੂਚੀਬੱਧ ਹੋ ਚੁੱਕੇ ਹਨ। ਉੱਥੇ ਹੀ, ਨਿੱਜੀ ਖੇਤਰ ਦੀ ਇੰਡੀਗੋ ਪੇਂਟਸ ਦਾ ਆਈ. ਪੀ. ਓ. 20 ਜਨਵਰੀ ਨੂੰ ਖੁੱਲ੍ਹੇਗਾ ਅਤੇ 22 ਜਨਵਰੀ ਨੂੰ ਬੰਦ ਹੋਵੇਗਾ। ਇੰਡੀਗੋ ਪੇਂਟਸ ਦਾ ਟੀਚਾ 1,000 ਕਰੋੜ ਰੁਪਏ ਜੁਟਾਉਣ ਦਾ ਹੈ। ਦੱਸ ਦੇਈਏ ਕਿ 2020 ਵਿਚ ਕੁੱਲ 16 ਕੰਪਨੀਆਂ ਨੇ ਆਈ. ਪੀ. ਓ. ਲਾਂਚ ਕੀਤੇ ਸਨ, ਜਿਸ ਤਹਿਤ 31 ਹਜ਼ਾਰ ਕਰੋੜ ਰੁਪਏ ਜੁਟਾਏ ਗਏ ਸਨ। ਇਸ ਤੋਂ ਪਹਿਲਾਂ 2019 ਵਿਚ 17 ਕੰਪਨੀਆਂ ਨੇ ਆਈ. ਪੀ. ਓ. ਜ਼ਰੀਏ ਕੁੱਲ 17,500 ਕਰੋੜ ਰੁਪਏ ਜੁਟਾਏ ਸਨ।