ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ’ਚ ਆ ਸਕਦੀ ਹੈ 25 ਫੀਸਦੀ ਦੀ ਗਿਰਾਵਟ
Sunday, Jan 17, 2021 - 05:44 PM (IST)
ਨਵੀਂ ਦਿੱਲੀ(ਭਾਸ਼ਾ)– ਦੇਸ਼ ਦੇ ਪ੍ਰਸਿੱਧ ਅਰਥਸ਼ਾਸਤਰੀ ਅਰੁਣ ਕੁਮਾਰ ਦਾ ਮੰਨਣਾ ਹੈ ਕਿ ਸਰਕਾਰ ਦੇ ਦਾਅਵੇ ਦੇ ਉਲਟ ਅਰਥਵਿਵਸਥਾ ’ਚ ਜ਼ਿਆਦਾ ਤੇਜ਼ੀ ਨਾਲ ਸੁਧਾਰ ਨਹੀਂ ਆ ਰਿਹਾ ਹੈ। ਕੁਮਾਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਅਰਥਵਿਵਸਥਾ ’ਚ 25 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਵੱਡੀ ਗਿਰਾਵਟ ਨਾਲ ਬਜਟ ਅਨੁਮਾਨ ਪੂਰੀ ਤਰ੍ਹਾਂ ਘੇਰੇ ਤੋਂ ਬਾਹਰ ਨਿਕਲ ਗਿਆ ਹੈ ਅਤੇ ਬਜਟ ਨੂੰ ਦਰੁਸਤ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਆਰਥਿਕ ਵਾਧੇ ’ਚ ਓਨੀ ਤੇਜ਼ੀ ਨਾਲ ਸੁਧਾਰ ਨਹੀਂ ਆ ਰਿਹਾ ਹੈ, ਜਿਵੇਂ ਸਰਕਾਰ ਦਿਖਾ ਰਹੀ ਹੈ। ਅਸੰਗਠਿਤ ਖੇਤਰ ਦੀ ਸਥਿਤੀ ’ਚ ਸੁਧਾਰ ਨਹੀਂ ਹੋਇਆ ਹੈ ਅਤੇ ਸੇਵਾ ਖੇਤਰ ਦੇ ਕੁਝ ਅਹਿਮ ਹਿੱਸੇ ਵੀ ਉਭਰ ਨਹੀਂ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਵਿਸ਼ਲੇਸ਼ਣ ਮੁਤਾਬਕ ਚਾਲੂ ਵਿੱਤੀ ਸਾਲ 2020-21 ’ਚ ਭਾਰਤੀ ਅਰਥਵਿਵਸਥਾ ’ਚ 25 ਫੀਸਦੀ ਦੀ ਗਿਰਾਵਟ ਆਵੇਗੀ। ਅਪ੍ਰੈਲ-ਮਈ ’ਚ ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਵਸਤਾਂ ਦਾ ਉਤਪਾਦਨ ਹੋਇਆ। ਇਥੋਂ ਤੱਕ ਕਿ ਖੇਤੀਬਾੜੀ ਖੇਤਰ ’ਚ ਵੀ ਵਾਧਾ ਨਹੀਂ ਹੋਇਆ। ਭਾਰਤੀ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ’ਚ 7.5 ਫੀਸਦੀ ਦੀ ਗਿਰਾਵਟ ਆਵੇਗੀ। ਉਥੇ ਹੀ ਨੈਸ਼ਨਲ ਸਟੈਟਿਕਸ ਆਫਿਸ ਨੇ ਅਰਥਵਿਵਸਥਾ ’ਚ 7.7 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।
ਨਿਵੇਸ਼ ਮਾਲੀਆ ਵੀ ਰਹੇਗਾ ਘੱਟ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਅਰਥਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਅਪ੍ਰੈਲ-ਜੂਨ ਅਤੇ ਜੁਲਾਈ-ਸਤੰਬਰ ਦੀਆਂ ਤਿਮਾਹੀਆਂ ਲਈ ਜੋ ਜੀ. ਡੀ. ਪੀ. ਦਸਤਾਵੇਜ਼ ਮੁਹੱਈਆ ਕਰਵਾਏ ਹਨ, ਉਨ੍ਹਾਂ ’ਚ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਬਾਅਦ ’ਚ ਸੋਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿੱਤੀ ਘਾਟਾ ਪਿਛਲੇ ਸਾਲ ਤੋਂ ਵੱਧ ਰਹੇਗਾ। ਸੂਬਿਆਂ ਦਾ ਵਿੱਤੀ ਘਾਟਾ ਵੀ ਉੱਚੇ ਪੱਧਰ ’ਤੇ ਰਹੇਗਾ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਮਾਲੀਆ ਵੀ ਘੱਟ ਰਹੇਗਾ। ਟੈਕਸ ਅਤੇ ਗੈਰ-ਟੈਕਸ ਮਾਲੀਏ ’ਚ ਵੀ ਕਮੀ ਆਵੇਗੀ।
ਕਈ ਕਾਰਕਾਂ ’ਤੇ ਨਿਰਭਰ ਕਰੇਗਾ ਆਰਥਿਕ ਮੁੜ ਵਸੇਬਾ
ਕੁਮਾਰ ਨੇ ਕਿਹਾ ਕਿ ਭਾਰਤ ਦਾ ਆਰਥਿਕ ਮੁੜ ਵਸੇਬਾ ਕਈ ਕਾਰਕਾਂ ’ਤੇ ਨਿਰਭਰ ਕਰੇਗਾ। ਕਿੰਨੀ ਤੇਜ਼ੀ ਨਾਲ ਟੀਕਾਕਰਣ ਹੁੰਦਾ ਹੈ ਅਤੇ ਕਿੰਨੀ ਤੇਜ਼ੀ ਨਾਲ ਲੋਕ ਆਪਣੇ ਕੰਮ ’ਤੇ ਪਰਤਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 2021 ’ਚ 2019 ਦੇ ਉਤਪਾਦਨ ਪੱਧਰ ’ਤੇ ਨਹੀਂ ਪਹੁੰਚ ਪਾਵਾਂਗੇ। ਸੰਭਵ ਹੀ ਟੀਕਾਕਰਣ ਤੋਂ ਬਾਅਦ 2022 ’ਚ ਅਸੀਂ 2019 ਦੇ ਉਤਪਾਦਨ ਦਾ ਪੱਧਰ ਹਾਸਲ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ ਆਉਂਦੇ ਸਾਲਾਂ ’ਚ ਵਾਧਾ ਦਰ ਹੇਠਲੇ ਆਧਾਰ ਪਭਾਵ ਕਾਰਣ ਚੰਗੀ ਰਹੇਗੀ ਪਰ ਉਤਪਾਦਨ 2019 ਦੀ ਤੁਲਨਾ ’ਚ ਘੱਟ ਰਹੇਗਾ।