ਭਾਰਤ ਦੀਆਂ ਕੰਪਨੀਆਂ ਭੁਗਤਣਗੀਆਂ ਬੰਗਲਾਦੇਸ਼ ’ਚ ਗੜਬੜ ਦਾ ਖਾਮਿਆਜ਼ਾ, 1,500 ਕਰੋੜ ਦਾ ਕਾਰੋਬਾਰ ਪ੍ਰਭਾਵਿਤ

Thursday, Aug 08, 2024 - 04:57 PM (IST)

ਨਵੀਂ ਦਿੱਲੀ (ਇੰਟ.) - ਗੁਆਂਢੀ ਦੇਸ਼ ਬੰਗਲਾਦੇਸ਼ ਹੁਣ ਅੰਦਰੂਨੀ ਸੰਕਟ ’ਚੋਂ ਲੰਘ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹੁਸੀਨਾ ਦੀ ਅਗਵਾਈ ਵਾਲੀ ਸਰਕਾਰ ਦਾ ਪਤਨ ਹੋ ਚੁੱਕਾ ਹੈ ਅਤੇ ਕਾਰਜਕਾਰੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਗੁਆਂਢੀ ਦੇਸ਼ ਦੇ ਇਸ ਅੰਦਰੂਨੀ ਸੰਕਟ ਨਾਲ ਭਾਰਤ ਦੀਆਂ ਕਈ ਕੰਪਨੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ। ਖਾਸ ਤੌਰ ’ਤੇ ਆਟੋ ਸੈਕਟਰ ਦੀਆਂ ਕਈ ਕੰਪਨੀਆਂ ਦਾ ਕਾਰੋਬਾਰ ਇਸ ਸੰਕਟ ਨਾਲ ਪ੍ਰਭਾਵਿਤ ਹੋ ਸਕਦਾ ਹੈ।

ਤਿੰਨ ਦਿਨਾਂ ਤੋਂ ਬੰਦ ਹਨ ਫੈਕਟਰੀਆਂ

ਅਜਿਹਾ ਖਦਸ਼ਾ ਹੈ ਕਿ ਬੰਗਲਾਦੇਸ਼ ’ਚ ਪੈਦਾ ਸੰਕਟ ਦੌਰਾਨ ਭਾਰਤ ਵੱਲੋਂ ਦੋਪਹੀਆ ਵਾਹਨਾਂ, ਟਰੱਕਾਂ, ਬੱਸਾਂ ਆਦਿ ਦੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਭਾਰਤ ਦੀਆਂ ਕਈ ਵਾਹਨ ਕੰਪਨੀਆਂ ਦੀ ਕੁਲ ਬਰਾਮਦ ’ਚ ਬੰਗਲਾਦੇਸ਼ ਦੀ ਚੰਗੀ ਹਿੱਸੇਦਾਰੀ ਸੀ। ਬੰਗਲਾਦੇਸ਼ ਦੇ ਬਾਜ਼ਾਰ ’ਚ ਬਜਾਜ ਤੋਂ ਲੈ ਕੇ ਹੀਰੋ ਤੱਕ ਦੇ ਦੋਪਹੀਆ ਵਾਹਨ ਖੂਬ ਪਸੰਦ ਕੀਤੇ ਜਾਂਦੇ ਰਹੇ ਹਨ। ਹੁਣ ਪੈਦਾ ਸੰਕਟ ਨਾਲ ਇਸ ਬਾਜ਼ਾਰ ’ਤੇ ਖਤਰਾ ਪੈਦਾ ਹੋ ਗਿਆ ਹੈ, ਉਥੇ ਹੀ ਦੂਜੇ ਪਾਸੇ ਸੰਕਟ ਕਾਰਨ ਬੰਗਲਾਦੇਸ਼ ’ਚ 3 ਦਿਨਾਂ ਤੋਂ ਫੈਕਟਰੀਆਂ ਬੰਦ ਚੱਲ ਰਹੀਆਂ ਹਨ।

ਬੰਗਲਾਦੇਸ਼ ਨੂੰ ਟੂ-ਵ੍ਹੀਲਰ ਦੀ ਬਰਾਮਦ

ਇਕ ਰਿਪੋਰਟ ਅਨੁਸਾਰ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਸਭ ਤੋਂ ਜ਼ਿਆਦਾ ਬਰਾਮਦ ਕਰਨ ਵਾਲੀ ਭਾਰਤੀ ਵਾਹਨ ਕੰਪਨੀ ਬਜਾਜ ਆਟੋ ਕੁਲ ਮਹੀਨਾਵਾਰ ਬਰਾਮਦ ’ਚ ਬੰਗਲਾਦੇਸ਼ ਦਾ ਯੋਗਦਾਨ ਲੱਗਭਗ 3.6 ਫੀਸਦੀ ਰਹਿੰਦਾ ਹੈ। ਹੁਣ ਇਸ ’ਤੇ ਅਸਰ ਹੋ ਸਕਦਾ ਹੈ। ਹੀਰੋ ਮੋਟੋਕਾਰਪ ਦੇ ਮਾਮਲੇ ’ਚ ਅਸਰ ਜ਼ਿਆਦਾ ਵੱਡਾ ਹੋ ਸਕਦਾ ਹੈ ਕਿਉਂਕਿ ਉਸ ਦੀ ਕੌਮੀ ਬਰਾਮਦ ’ਚ ਬੰਗਲਾਦੇਸ਼ ਦਾ ਹਿੱਸਾ 20 ਤੋਂ 30 ਫੀਸਦੀ ਤੱਕ ਰਹਿੰਦਾ ਹੈ।

ਬੰਗਲਾਦੇਸ਼ ’ਚ ਸਾਲਾਨਾ ਸਾਢੇ 4 ਤੋਂ 5 ਲੱਖ ਦੋਪਹੀਆ ਵਾਹਨਾਂ ਦੀ ਸਾਲਾਨਾ ਵਿਕਰੀ ਹੁੰਦੀ ਹੈ। ਉਸ ’ਚ ਸਭ ਤੋਂ ਜ਼ਿਆਦਾ 20-23 ਫੀਸਦੀ ਸ਼ੇਅਰ ਬਜਾਜ ਆਟੋ ਕੋਲ ਹੈ। ਹੀਰੋ ਮੋਟੋਕਾਰਪ ਦੀ ਬੰਗਲਾਦੇਸ਼ ਦੇ ਦੋਪਹੀਆ ਬਾਜ਼ਾਰ ’ਚ 15-20 ਫੀਸਦੀ ਹਿੱਸੇਦਾਰੀ ਹੈ। ਬਜਾਜ ਅਤੇ ਹੀਰੋ ਦੋਵੇਂ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬੰਗਲਾਦੇਸ਼ ਦੇ ਬਾਜ਼ਾਰ ’ਚ ਮੌਜੂਦ ਹਨ। ਹੀਰੋ ਮੋਟੋਕਾਰਪ ਨੇ ਬੰਗਲਾਦੇਸ਼ ਦੇ ਜੇਸੋਰ ’ਚ ਮੈਨੂਫੈਕਚਰਿੰਗ ਪਲਾਂਟ ਵੀ ਲਾਇਆ ਹੋਇਆ ਹੈ। ਗੁਆਂਢੀ ਦੇਸ਼ ’ਚ ਟੀ. ਵੀ. ਐੱਸ. ਮੋਟਰ ਵੀ ਜੇਵੀ ਜ਼ਰੀਏ ਪਲਾਂਟ ਲਾਏ ਹੋਏ ਹਨ।

1,500 ਕਰੋੜ ਰੁਪਏ ਦੀ ਬਰਾਮਦ ਪ੍ਰਭਾਵਿਤ

ਦੋਪਹੀਆ ਵਾਹਨਾਂ ਤੋਂ ਇਲਾਵਾ ਟਾਟਾ ਮੋਟਰਸ, ਅਸ਼ੋਕ ਲੇਲੈਂਡ, ਆਇਸ਼ਰ ਮੋਟਰਸ ਵਰਗੇ ਕਮਰਸ਼ੀਅਲ ਵ੍ਹੀਕਲ ਕੰਪਨੀਆਂ ’ਤੇ ਵੀ ਸੰਕਟ ਦਾ ਅਸਰ ਹੋ ਸਕਦਾ ਹੈ। ਕੋਵਿਡ ਮਹਾਮਾਰੀ ਤੋਂ ਪਹਿਲਾਂ ਭਾਰਤ ਵੱਲੋਂ 34-35 ਹਜ਼ਾਰ ਕਮਰਸ਼ੀਅਲ ਵ੍ਹੀਕਲ ਦੀ ਬੰਗਲਾਦੇਸ਼ ਨੂੰ ਬਰਾਮਦ ਹੋ ਰਹੀ ਸੀ। ਬਾਅਦ ਦੇ ਸਾਲਾਂ ’ਚ ਇਸ ’ਚ ਲਗਾਤਾਰ ਗਿਰਾਵਟ ਆਈ ਸੀ ਅਤੇ 2023-24 ’ਚ ਬਰਾਮਦ ਸਿਰਫ 6000 ਵਾਹਨਾਂ ਦੀ ਰਹੀ ਸੀ। ਹਾਲਾਂਕਿ ਉਸ ਤੋਂ ਬਾਅਦ ਬਰਾਮਦ ਫਿਰ ਸੁਧਰਨ ਲੱਗੀ ਸੀ। ਵਿੱਤੀ ਸਾਲ 2023-24 ’ਚ ਭਾਰਤ ਨੇ ਬੰਗਲਾਦੇਸ਼ ਨੂੰ ਲੱਗਭਗ 1,500 ਕਰੋਡ਼ ਰੁਪਏ ਦੇ ਵਾਹਨਾਂ ਦੀ ਬਰਾਮਦ ਕੀਤੀ ਸੀ।


Harinder Kaur

Content Editor

Related News