ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਡਿਜੀਟਲ ਭੁਗਤਾਨ ਕਰਣ ਵਾਲਾ ਦੇਸ਼, UPI ਨੇ ਰਚਿਆ ਇਤਿਹਾਸ
Monday, Jul 21, 2025 - 12:08 PM (IST)

ਬਿਜ਼ਨੈੱਸ ਡੈਸਕ- ਭਾਰਤ ਹੁਣ ਡਿਜੀਟਲ ਭੁਗਤਾਨ ਦੇ ਮਾਮਲੇ 'ਚ ਪੂਰੀ ਦੁਨੀਆ 'ਚ ਸਭ ਤੋਂ ਅੱਗੇ ਨਿਕਲ ਗਿਆ ਹੈ। ਇਹ ਜਾਣਕਾਰੀ ਹਾਲ ਹੀ 'ਚ ਇੰਟਰਨੈਸ਼ਨਲ ਮੋਨਿਟਰੀ ਫੰਡ (IMF) ਵੱਲੋਂ ਜਾਰੀ ਰਿਪੋਰਟ ‘ਖੁਦਰਾ ਡਿਜੀਟਲ ਭੁਗਤਾਨ ਦਾ ਵਧਦਾ ਰੁਝਾਨ: ਇੰਟਰਓਪਰੇਬਿਲਟੀ ਦੀ ਅਹਿਮੀਅਤ’ 'ਚ ਦਿੱਤੀ ਗਈ ਹੈ। ਇਸ ਡਿਜੀਟਲ ਭੁਗਤਾਨ ਕ੍ਰਾਂਤੀ ਦਾ ਕੇਂਦਰ ਬਣਿਆ ਹੈ ਯੂਨਿਫਾਈਡ ਪੇਮੈਂਟ ਇੰਟਰਫੇਸ (UPI), ਜਿਸਨੇ ਭਾਰਤ 'ਚ ਲੈਣ-ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
UPI: ਭਾਰਤ ਦੀ ਡਿਜੀਟਲ ਰੀੜ੍ਹ ਦੀ ਹੱਡੀ
2016 'ਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਸ਼ੁਰੂ ਕੀਤਾ ਗਿਆ UPI ਹੁਣ ਭਾਰਤ ਦੇ ਕਰੋੜਾਂ ਲੋਕਾਂ ਲਈ ਸਭ ਤੋਂ ਤੇਜ਼, ਅਸਾਨ ਅਤੇ ਭਰੋਸੇਯੋਗ ਲੈਣ-ਦੇਣ ਦਾ ਸਾਧਨ ਬਣ ਚੁੱਕਾ ਹੈ। ਇਕ ਹੀ ਮੋਬਾਈਲ ਐਪ ਨਾਲ ਕਈ ਬੈਂਕ ਖਾਤਿਆਂ ਨੂੰ ਜੋੜ ਕੇ, ਚਾਹੇ ਦੋਸਤ ਨੂੰ ਪੈਸੇ ਭੇਜਣੇ ਹੋਣ ਜਾਂ ਦੁਕਾਨ 'ਚ ਭੁਗਤਾਨ ਕਰਨਾ ਹੋਵੇ- ਸਾਰਾ ਕੁਝ ਸਿਰਫ਼ ਕੁਝ ਕਲਿੱਕਾਂ 'ਚ ਸੰਭਵ ਹੋ ਜਾਂਦਾ ਹੈ।
UPI ਦੇ ਰਾਹੀਂ ਹਰ ਮਹੀਨੇ 18 ਅਰਬ ਤੋਂ ਵੱਧ ਲੈਣ-ਦੇਣ
ਜੂਨ 2025 'ਚ ਹੀ UPI ਰਾਹੀਂ 18.39 ਅਰਬ ਲੈਣ-ਦੇਣ ਹੋਏ, ਜਿਸ 'ਚ 24.03 ਰੁਪਏ ਲੱਖ ਕਰੋੜ ਰੁਪਏ ਦਾ ਭੁਗਤਾਨ ਹੋਇਆ। ਪਿਛਲੇ ਸਾਲ ਜੂਨ ਦੇ ਮੁਕਾਬਲੇ ਇਹ ਲੈਣ-ਦੇਣ 32 ਫੀਸਦੀ ਵਧੇ ਹਨ।
ਕਰੋੜਾਂ ਲੋਕਾਂ ਤੇ ਲੱਖਾਂ ਵਪਾਰੀ ਹੋਏ ਜੁੜੇ
ਅੱਜ UPI ਨਾਲ 49.1 ਕਰੋੜ ਲੋਕ ਅਤੇ 65 ਲੱਖ ਵਪਾਰੀ ਜੁੜੇ ਹੋਏ ਹਨ। 675 ਬੈਂਕ ਇੱਕੋ ਪਲੇਟਫਾਰਮ 'ਤੇ ਕੰਮ ਕਰ ਰਹੇ ਹਨ। ਇਸ ਨਾਲ ਭੁਗਤਾਨ ਕਰਦੇ ਸਮੇਂ ਕਿਸੇ ਵਿਅਕਤੀ ਨੂੰ ਦੂਜੇ ਦੇ ਬੈਂਕ ਬਾਰੇ ਸੋਚਣ ਦੀ ਲੋੜ ਨਹੀਂ ਰਹਿ ਜਾਂਦੀ।
ਭਾਰਤ ਦੇ ਡਿਜੀਟਲ ਲੈਣ-ਦੇਣ 'ਚੋਂ 85 ਫੀਸਦੀ UPI ਰਾਹੀਂ
ਭਾਰਤ ਵਿੱਚ ਹੋਣ ਵਾਲੇ ਡਿਜੀਟਲ ਲੈਣ-ਦੇਣ ਵਿੱਚੋਂ 85 ਫੀਸਦੀ ਤੋਂ ਵੱਧ UPI ਰਾਹੀਂ ਹੁੰਦੇ ਹਨ। ਅਜੇ ਤੱਕ ਦੇ ਆੰਕੜਿਆਂ ਮੁਤਾਬਕ ਦੁਨੀਆ ਦੇ 50 ਫੀਸਦੀ ਰੀਅਲ-ਟਾਈਮ ਡਿਜੀਟਲ ਪੇਮੈਂਟ ਸਿਰਫ ਭਾਰਤ ਦੇ UPI ਰਾਹੀਂ ਕੀਤੇ ਜਾਂਦੇ ਹਨ।
UPI ਹੁਣ 7 ਵਿਦੇਸ਼ੀ ਦੇਸ਼ਾਂ 'ਚ ਵੀ ਹੋਇਆ ਸ਼ੁਰੂ
ਭਾਰਤ ਦੇ ਨਾਲ-ਨਾਲ ਹੁਣ UPI ਸੇਵਾ ਵਿਦੇਸ਼ਾਂ 'ਚ ਵੀ ਵਧ ਰਹੀ ਹੈ। UAE, ਸਿੰਗਾਪੁਰ, ਭੂਟਾਨ, ਨੇਪਾਲ, ਸ੍ਰੀਲੰਕਾ, ਮੌਰੀਸ਼ਸ ਅਤੇ ਫਰਾਂਸ 'ਚ UPI ਸੇਵਾ ਸ਼ੁਰੂ ਹੋ ਚੁੱਕੀ ਹੈ। ਫਰਾਂਸ ਵਿੱਚ ਇਸ ਦੀ ਸ਼ੁਰੂਆਤ ਨਾਲ ਯੂਰਪ 'ਚ UPI ਦੀ ਪਹਿਲੀ ਐਂਟਰੀ ਹੋਈ ਹੈ, ਜੋ ਕਿ ਭਾਰਤ ਲਈ ਇਕ ਵੱਡਾ ਕਦਮ ਹੈ। ਹੁਣ ਫਰਾਂਸ 'ਚ ਰਹਿ ਰਹੇ ਭਾਰਤੀ ਬਿਨਾਂ ਕਿਸੇ ਵਿਦੇਸ਼ੀ ਕਰੰਸੀ ਦੇ ਚੱਕਰ ਤੋਂ ਪਰੇ ਭੁਗਤਾਨ ਕਰ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e