ਡੱਬਾ ਕਾਰੋਬਾਰ ਗ਼ੈਰ-ਕਾਨੂੰਨੀ, ਨਿਵੇਸ਼ਕ ਚੌਕਸ ਰਹਿਣ : ਸੇਬੀ

Tuesday, Jul 22, 2025 - 12:34 AM (IST)

ਡੱਬਾ ਕਾਰੋਬਾਰ ਗ਼ੈਰ-ਕਾਨੂੰਨੀ, ਨਿਵੇਸ਼ਕ ਚੌਕਸ ਰਹਿਣ : ਸੇਬੀ

ਨਵੀਂ ਦਿੱਲੀ -ਬਾਜ਼ਾਰ ਰੈਗੂਲੇਟਰ ਸੇਬੀ ਨੇ ਫਿਰ ਕਿਹਾ ਕਿ ਡੱਬਾ ਕਾਰੋਬਾਰ ਗ਼ੈਰ-ਕਾਨੂੰਨੀ ਹੈ ਅਤੇ ਨਿਵੇਸ਼ਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਰੈਗੂਲੇਟਰ ਨੇ ਗ਼ੈਰ-ਕਾਨੂੰਨੀ ਕਾਰੋਬਾਰੀ ਸੇਵਾਵਾਂ ਦੇਣ ਵਾਲੀ ਕਿਸੇ ਵੀ ਇਕਾਈ ਨਾਲ ਲੈਣ-ਦੇਣ ਨਾ ਕਰਨ ਲਈ ਕਿਹਾ ਹੈ। ਬਾਜ਼ਾਰ ਦੀ ਭਾਸ਼ਾ ’ਚ ਡੱਬਾ ਕਾਰੋਬਾਰ ਦਾ ਮਤਲਬ ਗ਼ੈਰ-ਕਾਨੂੰਨੀ ਅਤੇ ਬਾਜ਼ਾਰ ਤੋਂ ਬਾਹਰੀ ਕਾਰੋਬਾਰ ਹੈ। ਇਹ ਕਾਰੋਬਾਰ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ ਅਤੇ ਰੈਗੂਲੇਟਰੀ ਨਿਗਰਾਨੀ ਦੇ ਘੇਰੇ ਤੋਂ ਬਾਹਰ ਹੁੰਦਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬਾਰਡ (ਸੇਬੀ) ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਨਿਵੇਸ਼ਕਾਂ ਲਈ ਬਹੁਤ ਜੋਖਮ ਪੈਦਾ ਕਰਦੀਆਂ ਹਨ ਅਤੇ ਇਹ ਸਕਿਓਰਿਟੀ ਕਾਂਟਰੈਕਟ (ਰੈਗੂਲੇਸ਼ਨ) ਐਕਟ, 1956 (ਐੱਸ. ਸੀ. ਆਰ. ਏ.), ਸੇਬੀ ਐਕਟ, 1992 ਅਤੇ ਭਾਰਤੀ ਨਿਆਂ ਸੰਹਿਤਾ, 2023 ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਹੈ।

ਸੇਬੀ ਦਾ ਇਹ ਬਿਆਨ ਪਿਛਲੇ ਹਫ਼ਤੇ ਇਕ ਅਖਬਾਰ ’ਚ ਪ੍ਰਕਾਸ਼ਿਤ ਡੱਬਾ ਕਾਰੋਬਾਰ ਸਰਗਰਮੀਆਂ ਨੂੰ ਉਤਸ਼ਾਹ ਦੇਣ ਵਾਲੇ ਇਕ ਇਸ਼ਤਿਹਾਰ ’ਤੇ ਗੰਭੀਰਤਾ ਨਾਲ ਨੋਟਿਸ ਲੈਣ ਤੋਂ ਬਾਅਦ ਆਇਆ ਹੈ। ਇਸ ਇਸ਼ਤਿਹਾਰ ਤੋਂ ਬਾਅਦ ਸੇਬੀ ਨੇ ਐੱਨ. ਐੱਸ. ਈ. ਨਾਲ ਮਿਲ ਕੇ ਕਈ ਕਦਮ ਚੁੱਕੇ ਹਨ। ਸੇਬੀ ਨੇ ਅਖਬਾਰ ਨੂੰ ਇਕ ਪੱਤਰ ਜਾਰੀ ਕਰ ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ’ਤੇ ਚਿੰਤਾ ਪ੍ਰਗਟਾਈ ਹੈ, ਜੋ ਗੈਰ-ਕਾਨੂੰਨੀ ਕਾਰੋਬਾਰੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਿਵੇਸ਼ਕਾਂ ਨੂੰ ਸੰਭਾਵੀ ਤੌਰ ’ਤੇ ਗੁੰਮਰਾਹ ਕਰਦਾ ਹੈ।

ਰੈਗੂਲੇਟਰ ਨੇ ਕਿਹਾ ਕਿ ਸਾਈਬਰ ਪੁਲਸ ’ਚ ਵੀ ਇਕ ਸ਼ਿਕਾਇਤ ਦਰਜ ਕਰਾਈ ਗਈ ਹੈ, ਜਿਸ ’ਚ ਇਕਾਈ ਅਤੇ ਹੋਰ ਸਬੰਧਤ ਇਕਾਈਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਨਾਲ ਹੀ, ਇਸ਼ਤਿਹਾਰ ਮਾਪਦੰਡਾਂ ਦੀ ਉਲੰਘਣਾ ਦਾ ਮੁਲਾਂਕਣ ਕਰਨ ਅਤੇ ਉਚਿਤ ਸੁਧਾਰਾਤਮਕ ਕਦਮ ਯਕੀਨੀ ਬਣਾਉਣ ਲਈ ਇਹ ਮਾਮਲਾ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ (ਏ. ਐੱਸ. ਸੀ. ਆਈ.) ਦੇ ਧਿਆਨ ’ਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਨਿਵੇਸ਼ਕਾਂ ਲਈ ਚਿਤਾਵਨੀ ਜਾਰੀ ਕਰਦੇ ਹੋਏ ਜਨਤਾ ਨੂੰ ਇਸ ਵਿਸ਼ੇਸ਼ ਮਾਮਲੇ ਅਤੇ ਇਸ ’ਚ ਸ਼ਾਮਲ ਇਕਾਈਆਂ ਬਾਰੇ ਸੁਚੇਤ ਰਹਿਣ ਲਈ ਕਿਹਾ ਹੈ। ਨਾਲ ਹੀ, ਡੱਬਾ ਕਾਰੋਬਾਰ ’ਚ ਸ਼ਾਮਲ ਹੋਣ ਦੇ ਖਤਰ‌ਿਆਂ ਨੂੰ ਦੁਹਰਾਇਆ ਗਿਆ ਹੈ। ਐੱਨ. ਐੱਸ. ਈ. ਨੇ ਕਿਹਾ ਹੈ ਕਿ ਨਿਵੇਸ਼ਕਾਂ ਨੂੰ ਸਿਰਫ ਸੇਬੀ ਵੱਲੋਂ ਰਜਿਸਟਰਡ ਬ੍ਰੋਕਰ ਅਤੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ ਰਾਹੀਂ ਹੀ ਕਾਰੋਬਾਰ ਕਰਨਾ ਚਾਹੀਦਾ ਹੈ।


author

Hardeep Kumar

Content Editor

Related News