ਇੰਡੀਆ ਰੇਟਿੰਗਜ਼ ਅਤੇ ADB ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾਇਆ

Thursday, Jul 24, 2025 - 12:52 AM (IST)

ਇੰਡੀਆ ਰੇਟਿੰਗਜ਼ ਅਤੇ ADB ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾਇਆ

ਨਵੀਂ ਦਿੱਲੀ -ਭਾਰਤ ਦੀ ਆਰਥਿਕ ਵਿਕਾਸ ਰਫ਼ਤਾਰ ਨੂੰ ਲੈ ਕੇ ਗਲੋਬਲ ਅਤੇ ਘਰੇਲੂ ਸੰਸਥਾਨਾਂ ਦੇ ਖਦਸ਼ੇ ਵਧਦੇ ਜਾ ਰਹੇ ਹਨ। ਇੰਡੀਆ ਰੇਟਿੰਗਜ਼ ਐਂਡ ਰਿਸਰਚ ਅਤੇ ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ. ਡੀ. ਬੀ.) ਨੇ ਚਾਲੂ ਮਾਲੀ ਸਾਲ 2025 ਲਈ ਭਾਰਤ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਾਧਾ ਦਰ ਦੇ ਅਗਾਊਂ ਅੰਦਾਜ਼ਿਆਂ ’ਚ ਕਟੌਤੀ ਕੀਤੀ ਹੈ।
ਗਲੋਬਲ ਆਰਥਿਕ ਬੇਭਰੋਸਗੀ, ਕਮਜ਼ੋਰ ਬਰਾਮਦ, ਖਪਤਕਾਰ ਮੰਗ ’ਚ ਨਰਮੀ ਅਤੇ ਨਿਵੇਸ਼ ਦੀ ਮੱਠੀ ਰਫ਼ਤਾਰ ਨੂੰ ਇਸ ਸੋਧ ਦੇ ਪਿੱਛੇ ਪ੍ਰਮੁੱਖ ਕਾਰਨ ਦੱਸਿਆ ਗਿਆ ਹੈ। ਇਹ ਸੋਧ ਦਰਸਾਉਂਦੀ ਹੈ ਕਿ ਭਾਵੇਂ ਭਾਰਤ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਤੇਜ਼ੀ ਨਾਲ ਵਧਦਾ ਦੇਸ਼ ਬਣਿਆ ਹੋਇਆ ਹੈ ਪਰ ਕਈ ਬਾਹਰੀ ਅਤੇ ਅੰਦਰੂਨੀ ਕਾਰਕ ਉਸ ਦੇ ਵਾਧੇ ਨੂੰ ਪ੍ਰਭਾਵਿਤ ਕਰ ਰਹੇ ਹਨ।

ਇੰਡੀਆ ਰੇਟਿੰਗਜ਼ ਐਂਡ ਰਿਸਰਚ ਨੇ ਚਾਲੂ ਮਾਲੀ ਸਾਲ 2025-26 ਲਈ ਭਾਰਤ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾ ਕੇ 6.3 ਫ਼ੀਸਦੀ ਕਰ ਦਿੱਤਾ। ਏਜੰਸੀ ਨੇ ਅਮਰੀਕੀ ਟੈਰਿਫ ਨੂੰ ਲੈ ਕੇ ਬੇਭਰੋਸਗੀ ਅਤੇ ਕਮਜ਼ੋਰ ਨਿਵੇਸ਼ ਮਾਹੌਲ ਦਾ ਹਵਾਲਾ ਦਿੱਤਾ।

ਓਧਰ, ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਪਾਰ ਬੇਭਰੋਸਗੀ ਅਤੇ ਅਮਰੀਕਾ ਦੇ ਉੱਚੇ ਟੈਰਿਫ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਮਾਲੀ ਸਾਲ 2025-26 ਲਈ ਭਾਰਤ ਦੇ ਵਾਧਾ ਅੰਦਾਜ਼ੇ ਨੂੰ 6.7 ਫ਼ੀਸਦੀ ਤੋਂ ਘਟਾ ਕੇ 6.5 ਫ਼ੀਸਦੀ ਕਰ ਦਿੱਤਾ। ਜੁਲਾਈ ਦੇ ਏਸ਼ੀਆਈ ਵਿਕਾਸ ਪਰਿਦ੍ਰਿਸ਼ (ਏ. ਡੀ. ਓ.) ’ਚ ਅਪ੍ਰੈਲ 2025 ਦੇ ਮੁਕਾਬਲੇ ਗਿਰਾਵਟ ਦੇ ਬਾਵਜੂਦ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਇਕ ਬਣਿਆ ਹੋਇਆ ਹੈ। ਸੇਵਾ ਅਤੇ ਖੇਤੀਬਾੜੀ ਖੇਤਰ ਦੇ ਵਾਧੇ ਦੇ ਪ੍ਰਮੁੱਖ ਚਾਲਕ ਹੋਣ ਦੀ ਉਮੀਦ ਹੈ ਅਤੇ ਸਾਧਾਰਣ ਨਾਲੋਂ ਵੱਧ ਮਾਨਸੂਨੀ ਮੀਂਹ ਦੇ ਅਗਾਊਂ ਅੰਦਾਜ਼ੇ ਨਾਲ ਖੇਤੀਬਾੜੀ ਖੇਤਰ ਨੂੰ ਸਮਰਥਨ ਮਿਲੇਗਾ।


author

Hardeep Kumar

Content Editor

Related News