ਈਰਾਨੀ-ਅਫਗਾਨੀ ਸੁਰਖ਼ ਲਾਲ ਸੇਬਾਂ ਦੀ ਦਸਤਕ ਨਾਲ ਦੇਸੀ 30 ਰੁ: ਹੋਏ ਸਸਤੇ

01/07/2021 10:37:52 PM

ਨਵੀਂ ਦਿੱਲੀ- ਦਿੱਲੀ ਦੀਆਂ ਮੰਡੀਆਂ ਵਿਚ ਸਮੇਂ ਤੋਂ ਪਹਿਲਾਂ ਹੀ ਈਰਾਨੀ- ਅਫਗਾਨੀ ਸੇਬਾਂ ਦੀ ਆਮਦ ਨਾਲ ਹਿੰਦੋਸਤਾਨੀ ਸੇਬਾਂ ਦੇ ਮੁੱਲ ਘੱਟ ਗਏ ਹਨ। ਇਕ ਸੇਬ ਵਪਾਰੀ ਨੇ ਕਿਹਾ ਕਿ ਈਰਾਨ ਦਾ ਸੇਬ ਸ਼ਾਇਦ ਅਫਗਾਨਿਸਤਾਨ ਜ਼ਰੀਏ ਵਾਹਗਾ ਬਾਰਡਰ ਤੋਂ ਭਾਰਤ ਵਿਚ ਆ ਰਿਹਾ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਸੇਬ 'ਤੇ ਦਰਾਮਦ ਡਿਊਟੀ ਨਹੀਂ ਲੱਗਦੀ ਹੈ। ਇਸ ਲਈ ਇਨ੍ਹਾਂ ਦੇ ਮੁੱਲ ਘੱਟ ਹਨ ਅਤੇ ਬਾਜ਼ਾਰ ਵਿਚ ਸਸਤਾ ਉਪਲਬਧ ਹੋ ਰਿਹਾ ਹੈ।

ਵਪਾਰੀ ਨੇ ਕਿਹਾ ਕਿ ਇਸ ਸੀਜ਼ਨ ਵਿਚ 15-20 ਦਿਨ ਪਹਿਲਾਂ ਹੀ ਈਰਾਨੀ-ਅਫਗਾਨੀ ਸੇਬ ਬਾਜ਼ਾਰ ਵਿਚ ਪਹੁੰਚ ਗਿਆ ਹੈ, ਜਦੋਂ ਕਿ ਹਰ ਸਾਲ ਭਾਰਤੀ ਸੇਬਾਂ ਦੀ ਵਿਕਰੀ ਤੋਂ ਬਾਅਦ ਈਰਾਨੀ-ਅਫਗਾਨੀ ਸੇਬ ਬਾਜ਼ਾਰ ਵਿਚ ਆਉਂਦਾ ਸੀ। ਇਹ ਸੇਬ ਦਿਸਣ ਵਿਚ ਸੋਹਣਾ ਅਤੇ ਸੁਰਖ਼ ਲਾਲ ਹੁੰਦਾ ਹੈ ਜੋ ਗਾਹਕਾਂ ਨੂੰ ਖਿੱਚਦਾ ਹੈ।

ਦਿੱਲੀ ਵਿਚ ਰੋਜ਼ਾਨਾ 20 ਤੋਂ 50 ਗੱਡੀਆਂ ਵਿਚ ਈਰਾਨੀ-ਅਫਗਾਨੀ ਸੇਬ ਆ ਰਿਹਾ ਹੈ। ਇਕ ਗੱਡੀ ਵਿਚ ਤਕਰੀਬਨ 1 ਹਜ਼ਾਰ ਕ੍ਰੇਟ ਹੁੰਦਾ ਹੈ। ਹਰ ਕ੍ਰੇਟ ਵਿਚ 8 ਤੋਂ 11 ਕਿਲੋ ਸੇਬ ਹੁੰਦੇ ਹਨ। ਉੱਥੇ ਹੀ ਦੇਸੀ ਸੇਬ ਦੀ ਪੇਟੀ ਵਿਚ 15 ਕਿਲੋ ਤੱਕ ਸੇਬ ਆਉਂਦਾ ਹੈ। ਇਸ ਵਿਚਕਾਰ ਭਾਰਤੀ ਸੇਬ ਦੇ ਕਾਰੋਬਾਰੀਆਂ ਨੇ ਸਰਕਾਰ ਨੂੰ ਵਿਦੇਸ਼ੀ ਸੇਬਾਂ 'ਤੇ ਦਰਾਮਦ ਡਿਊਟੀ ਲਾਉਣ ਦੀ ਮੰਗ ਕੀਤੀ ਹੈ, ਤਾਂ ਜੋ ਮੁੱਲ ਨਾ ਡਿੱਗਣ।

20-30 ਰੁਪਏ ਸਸਤੇ ਹੋਏ ਦੇਸੀ ਸੇਬ
ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਗੂੜੀ ਮਿੱਤਰਤਾ ਹੈ। ਇਹੀ ਵਜ੍ਹਾ ਹੈ ਕਿ ਉੱਥੇ ਦੀ ਅਰਥਵਿਵਸਥਾ ਨੂੰ ਸਮਰਥਨ ਦੇਣ ਲਈ ਭਾਰਤ ਨੇ ਵਪਾਰ ਖੇਤਰ ਵਿਚ ਉਸ ਨੂੰ ਰਾਹਤ ਦਿੱਤੀ ਹੈ। ਇਸ ਲਈ ਉੱਥੋਂ ਆਉਣ ਵਾਲੇ ਸੇਬ 'ਤੇ ਦਰਾਮਦ ਡਿਊਟੀ ਨਹੀਂ ਲੱਗਦੀ। ਹਾਲਾਂਕਿ, ਕੁਝ ਟਰੇਡਰ ਇਸ ਦਾ ਨਾਜ਼ਾਇਜ ਫਾਇਦਾ ਲੈ ਕੇ ਈਰਾਨ ਦਾ ਸੇਬ ਅਫਗਾਨਿਸਤਾਨ ਜ਼ਰੀਏ ਲਿਆਉਂਦੇ ਹਨ ਅਤੇ ਉੱਥੋਂ ਦਾ ਦਿਖਾ ਕੇ ਭਾਰਤ ਵਿਚ ਦਰਾਮਦ ਕਰਦੇ ਹਨ। ਇਸ ਨਾਲ ਭਾਰਤੀ ਸੇਬ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਸੇਬ ਕਾਰੋਬਾਰੀ ਰਾਕੇਸ਼ ਕੋਹਲੀ ਕਹਿੰਦੇ ਹਨ ਕਿ ਕਸ਼ਮੀਰ ਅਤੇ ਹਿਮਾਚਲ ਦੇ ਸੇਬ ਈਰਾਨੀ-ਅਫਗਾਨੀ ਸੇਬਾਂ ਦੇ ਮੁਕਾਬਲੇ 20-30 ਰੁਪਏ ਕਿਲੋ ਸਸਤੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਦਰਾਮਦ ਸੇਬ ਨਾਲ ਦਿੱਕਤ ਨਹੀਂ ਹੈ, ਬਸ਼ਰਤੇ ਸਰਕਾਰ ਨੂੰ ਟੈਕਸ ਜਾਵੇ।


Sanjeev

Content Editor

Related News