''ਵ੍ਹਾਈਟ ਗੋਲਡ'' ਤੋੜੇਗਾ 7 ਸਾਲਾਂ ਦਾ ਰਿਕਾਰਡ, ਇਸ ਵਾਰ ਇੰਨਾ ਮਿਲੇਗਾ MSP

Monday, Sep 28, 2020 - 03:36 PM (IST)

''ਵ੍ਹਾਈਟ ਗੋਲਡ'' ਤੋੜੇਗਾ 7 ਸਾਲਾਂ ਦਾ ਰਿਕਾਰਡ, ਇਸ ਵਾਰ ਇੰਨਾ ਮਿਲੇਗਾ MSP

ਜੈਤੋ— ਇਸ ਸਾਲ ਵ੍ਹਾਈਟ ਗੋਲਡ ਦੀ ਫਸਲ ਖੇਤਾਂ 'ਚ ਖੂਬ ਠਾਠਾਂ ਮਾਰ ਰਹੀ ਹੈ। 7 ਸਾਲਾਂ ਬਾਅਦ ਫਿਰ ਕਪਾਹ ਦਾ ਬੰਪਰ ਝਾੜ ਹੋਣ ਦੀ ਸੰਭਾਵਨਾ ਹੈ। ਨਵੇਂ ਕਪਾਹ ਸੀਜ਼ਨ 'ਚ ਕਿਸਾਨਾਂ ਨੇ ਵ੍ਹਾਈਟ ਗੋਲਡ ਦੀ ਬੀਜਾਈ ਕਰੀਬ 130.37 ਲੱਖ ਹੈਕਟੇਅਰ 'ਚ ਕੀਤੀ ਹੈ, ਜੋ ਪਿਛਲੇ ਸਾਲ ਇਸ ਸਮੇਂ ਤੱਕ ਲਗਭਗ 127.67 ਲੱਖ ਹੈਕਟੇਅਰ 'ਚ ਹੋਈ ਸੀ। ਕਪਾਹ ਸੀਜ਼ਨ 2020-21 ਲਈ ਵ੍ਹਾਈਟ ਗੋਲਡ ਦਾ ਸਮਰਥਨ ਮੁੱਲ 5,515 ਅਤੇ 5,825 ਰੁਪਏ ਪ੍ਰਤੀ ਕੁਇੰਟਲ ਹੈ।

ਇਸ ਸਾਲ ਵ੍ਹਾਈਟ ਗੋਲਡ ਦੀ ਫਸਲ ਦੇ ਅਨੁਮਾਨ ਵੱਖ-ਵੱਖ ਆ ਰਹੇ ਹਨ। ਬਾਜ਼ਾਰ ਅਨੁਸਾਰ ਇਸ ਵਾਰ ਇਹ 4 ਤੋਂ 4.25 ਕਰੋੜ ਗੰਢ ਰਹਿਣ ਦਾ ਅਨੁਮਾਨ ਹੈ। 2013-14 'ਚ ਇਹ 3.98 ਕਰੋੜ ਗੰਢ ਰਹੀ ਸੀ, ਜਦੋਂਕਿ 2014-15 'ਚ 3.86 ਕਰੋੜ, 2015-16 'ਚ 3.32 ਕਰੋੜ, 2016-17 'ਚ 3.45 ਕਰੋੜ, 2017-18 'ਚ 3.70 ਕਰੋੜ, 2018-19 'ਚ 3.30 ਕਰੋੜ ਅਤੇ ਸਾਲ 2019-20 'ਚ 3.68 ਕਰੋੜ ਗੰਢ ਰਹੀ ਹੈ।

ਬਾਜ਼ਾਰ ਜਾਣਕਾਰ ਸੂਤਰਾਂ ਦੀਆਂ ਮੰਨੀਏ ਤਾਂ ਚਾਲੂ ਨਵੇਂ ਕਪਾਹ ਸੀਜ਼ਨ ਸਾਲ 2020-21 'ਚ ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਦਾ ਵ੍ਹਾਈਟ ਗੋਲਡ ਖਰੀਦ 'ਤੇ ਦਬਦਬਾ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਮੋਦੀ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਕਪਾਹ ਨਿਗਮ ਲਿਮਟਿਡ ਕਿਸਾਨਾਂ ਤੋਂ 2 ਤੋਂ 2.25 ਕਰੋੜ ਗੰਢ ਵ੍ਹਾਈਟ ਗੋਲਡ ਖਰੀਦ ਸਕਦਾ ਹੈ।
 

80 ਲੱਖ ਗੰਢ ਦੀ ਹੋ ਸਕਦੀ ਹੈ ਬਰਾਮਦ
ਭਾਰਤ 'ਚ ਨਵੇਂ ਕਪਾਹ ਸੀਜ਼ਨ 'ਚ ਬੰਪਰ ਫਸਲ ਹੋਣ ਅਤੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ . ਸੀ. ਆਈ.) ਵੱਲੋਂ 2 ਕਰੋੜ ਗੰਢ ਦੀ ਖਰੀਦ ਕਰਨ ਦੀ ਖਬਰ ਨਾਲ ਇਸ ਸਾਲ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਨੂੰ ਵ੍ਹਾਈਟ ਗੋਲਡ ਦੀ 75-80 ਲੱਖ ਗੰਢ ਦੀ ਬਰਾਮਦ ਹੋਣ ਦੀ ਸੰਭਾਵਨਾ ਬਾਜ਼ਾਰ 'ਚ ਜਤਾਈ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਵੇਂ ਸੀਜ਼ਨ ਦੌਰਾਨ ਸੀ. ਸੀ. ਆਈ. ਵੱਡੇ ਪੱਧਰ 'ਤੇ ਵ੍ਹਾਈਟ ਗੋਲਡ ਬਰਾਮਦ ਕਰੇਗਾ। ਚਾਲੂ ਸੀਜ਼ਨ ਦੌਰਾਨ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ, ਜਿਸ 'ਚ ਵਿਅਤਨਾਮ, ਬੰਗਲਾਦੇਸ਼, ਚੀਨ, ਕੋਰੀਆ ਅਤੇ ਤੁਰਕੀ ਆਦਿ ਸ਼ਾਮਲ ਹਨ, ਨੂੰ ਹੁਣ ਤੱਕ ਕਰੀਬ 50 ਲੱਖ ਗੰਢ ਦੀ ਬਰਾਮਦ ਹੋ ਚੁੱਕੀ ਹੈ ਅਤੇ 5 ਲੱਖ ਗੰਢ ਦੇ ਸੌਦੇ ਅਜੇ ਬਾਕੀ ਹਨ, ਜਿਸ ਦੀ ਬਰਾਮਦ ਜਲਦੀ ਹੋਵੇਗੀ। ਪਿਛਲੇ ਸੀਜ਼ਨ ਸਾਲ 2018-19 ਦੌਰਾਨ ਕਰੀਬ 44 ਲੱਖ ਗੰਢ ਦੀ ਬਰਾਮਦ ਹੋਈ ਸੀ।


author

Sanjeev

Content Editor

Related News