ਭਾਰਤ 6.5-7.5 ਫ਼ੀਸਦੀ ਦੇ ਘੇਰੇ ''ਚ ਆਰਥਿਕ ਵਾਧਾ ਹਾਸਲ ਕਰੇਗਾ : ਮੂਡੀਜ਼
Monday, Jul 31, 2017 - 11:09 PM (IST)
ਨਵੀਂ ਦਿੱਲੀ-ਭਾਰਤ ਦੀ ਜੀ. ਡੀ. ਪੀ. ਵਾਧਾ ਦਰ ਅਗਲੇ 12 ਤੋਂ 18 ਮਹੀਨਿਆਂ ਦੌਰਾਨ 6.5 ਤੋਂ 7.5 ਫ਼ੀਸਦੀ ਦੇ ਘੇਰੇ 'ਚ ਰਹੇਗੀ ਅਤੇ ਜੀ. ਐੱਸ. ਟੀ. ਆਰਥਿਕ ਵਾਧੇ ਦੀ ਰਫਤਾਰ ਵਧਾਉਣ 'ਚ ਮਦਦ ਕਰੇਗਾ। ਮੂਡੀਜ਼ ਦੇ ਇਕ ਸਰਵੇਖਣ 'ਚ ਇਹ ਨਤੀਜਾ ਸਾਹਮਣੇ ਆਇਆ ਹੈ। ਸਰਵੇਖਣ 'ਚ 75 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਬਿਜਲੀ, ਇਸਪਾਤ ਅਤੇ ਬੁਨਿਆਦੀ ਢਾਂਚਾ ਖੇਤਰਾਂ 'ਚ ਵੱਡੇ ਕੰਪਨੀ ਸਮੂਹਾਂ ਨੂੰ ਦਿੱਤੇ ਗਏ ਕਰਜ਼ੇ ਨਾਲ ਭਾਰਤ 'ਚ ਬੈਂਕਾਂ ਦੀ ਜਾਇਦਾਦ ਗੁਣਵੱਤਾ ਲਈ ਵੱਡਾ ਖਤਰਾ ਪੈਦਾ ਹੋਇਆ ਹੈ। ਮੂਡੀਜ਼ ਅਤੇ ਉਸ ਨਾਲ ਸੰਬੰਧਿਤ ਇਕ੍ਰਾ ਦੇ ਸਰਵੇਖਣ 'ਚ 200 ਤੋਂ ਜ਼ਿਆਦਾ ਬਾਜ਼ਾਰ ਹਿੱਸੇਦਾਰਾਂ ਨੇ ਭਾਰਤ ਦੀ ਮਜ਼ਬੂਤ ਆਰਥਿਕ ਵਾਧੇ ਦੀ ਸੰਭਾਵਨਾ ਨੂੰ ਲੈ ਕੇ ਭਰੋਸਾ ਪ੍ਰਗਟਾਇਆ ਹੈ। ਮੂਡੀਜ਼ ਨੂੰ ਵਿਸ਼ਵਾਸ ਹੈ ਕਿ ਆਰਥਿਕ ਵਾਧੇ ਦੀ ਰਫਤਾਰ ਅਗਲੇ 3-4 ਸਾਲ 'ਚ ਵਧ ਕੇ 8 ਫ਼ੀਸਦੀ ਦੇ ਆਸਪਾਸ ਪਹੁੰਚ ਜਾਵੇਗੀ। ਮੂਡੀਜ਼ ਦੇ ਸਹਾਇਕ ਪ੍ਰਬੰਧ ਨਿਰਦੇਸ਼ਕ ਮੈਰੀ ਡਿਰੋਨ ਨੇ ਕਿਹਾ ਕਿ ਭਾਰਤ 'ਚ ਚੱਲ ਰਹੇ ਆਰਥਿਕ ਅਤੇ ਸੰਸਥਾਗਤ ਸੁਧਾਰਾਂ ਅਤੇ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਬਦਲਾਵਾਂ ਨੂੰ ਵੇਖਦਿਆਂ ਨੋਟਬੰਦੀ ਨਾਲ ਪੈਦਾ ਹੋਈ ਥੋੜ੍ਹਚਿਰੀ ਰੁਕਾਵਟ ਦੇ ਬਾਵਜੂਦ ਭਾਰਤ ਅਗਲੇ 12 ਤੋਂ 18 ਮਹੀਨਿਆਂ ਦੌਰਾਨ ਉਸ ਦੇ ਵਰਗੇ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਾਧਾ ਕਰੇਗਾ।
