US ਤੇ ਭਾਰਤ ਵਿਚਕਾਰ ਵਪਾਰ ਨੂੰ ਲੈ ਕੇ ਮੀਟਿੰਗ ਸ਼ੁੱਕਰਵਾਰ
Thursday, Jul 11, 2019 - 02:38 PM (IST)

ਨਵੀਂ ਦਿੱਲੀ— ਭਾਰਤ ਅਤੇ ਅਮਰੀਕਾ 'ਚ ਵਪਾਰ ਨੂੰ ਲੈ ਕੇ ਖਿੱਚੋਤਾਣ ਵਿਚਕਾਰ ਦੋਹਾਂ ਦੇਸ਼ਾਂ ਦੇ ਵਪਾਰਕ ਪ੍ਰਤੀਨਿਧੀ ਸ਼ੁੱਕਰਵਾਰ ਨੂੰ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ ਉਸ ਵਕਤ ਹੋ ਰਹੀ ਹੈ ਜਦੋਂ ਭਾਰਤ ਨੇ ਹਾਲ ਹੀ 'ਚ 28 ਅਮਰੀਕੀ ਚੀਜ਼ਾਂ 'ਤੇ ਟੈਰਿਫ ਡਿਊਟੀ ਵਧਾਈ ਹੈ।
ਉੱਥੇ ਹੀ, ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ ਬਾਜ਼ਾਰ ਨੂੰ ਅਮਰੀਕਾ ਲਈ ਖੋਲ੍ਹਣ ਦੀ ਮੰਗ ਕਰ ਰਹੇ ਹਨ ਅਤੇ ਇਸ ਲਈ ਉਹ ਲਗਾਤਾਰ ਭਾਰਤ 'ਤੇ ਦਬਾਅ ਪਾ ਰਹੇ ਹਨ। ਪਿਛਲੇ ਹਫਤੇ ਹੀ ਟਰੰਪ ਨੇ ਇਕ ਟਵੀਟ 'ਚ ਫਿਰ ਦੁਹਰਾਇਆ ਸੀ ਕਿ ਭਾਰਤ ਵੱਲੋਂ ਅਮਰੀਕੀ ਚੀਜ਼ਾਂ 'ਤੇ ਵਧਾਈ ਗਈ ਟੈਰਿਫ ਡਿਊਟੀ ਉਨ੍ਹ੍ਹਾਂ ਨੂੰ ਮਨਜ਼ੂਰ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਮਈ 'ਚ ਸੱਤਾ ਸੰਭਾਲਣ ਮਗਰੋਂ ਇਲੈਕਟ੍ਰਾਨਿਕ ਗੁੱਡਜ਼ ਤੋਂ ਲੈ ਕੇ ਵਿਦੇਸ਼ੀ ਈ-ਕਾਮਰਸ ਫਰਮਾਂ ਤਕ ਪਾਲਿਸੀ ਸਖਤ ਕਰ ਰਹੀ ਹੈ, ਤਾਂ ਜੋ ਸਥਾਨਕ ਕੰਪਨੀਆਂ ਨੂੰ ਰਫਤਾਰ ਮਿਲੇ ਤੇ ਇਸ ਨਾਲ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ 'ਚ ਸੌਖਾਈ ਹੋ ਸਕੇ।
ਸ਼ੁੱਕਰਵਾਰ ਨੂੰ ਯੂ. ਐੱਸ. ਵਪਾਰ ਪ੍ਰਤੀਨਿਧੀ ਕ੍ਰਿਸਟੋਫਰ ਵਿਲਸਨ ਭਾਰਤੀ ਵਪਾਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਿਸ 'ਚ ਇਕ-ਦੂਜੇ 'ਤੇ ਟੈਰਿਫ ਲਾਉਣ ਦੀ ਬਜਾਏ ਗੱਲਬਾਤ ਰਾਹੀਂ ਸਹੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਟਰੰਪ ਅਤੇ ਮੋਦੀ ਵਿਚਕਾਰ ਜਪਾਨ ਦੇ ਓਸਾਕਾ 'ਚ ਮੁਲਾਕਾਤ ਹੋਈ ਸੀ ਤੇ ਦੋਵੇਂ ਵਪਾਰਕ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਸਹਿਮਤ ਹੋਏ ਸਨ।