ਦੁਨੀਆ ਦੇ ਟਾਪ 5 ਸ਼ੇਅਰ ਬਾਜ਼ਾਰਾਂ ’ਚ ਭਾਰਤ ਟਾਪ ਪਰਫਾਰਮਰ, ਮਾਰਕੀਟ ਕੈਪ 5.5 ਟ੍ਰਿਲੀਅਨ ਡਾਲਰ ਦੇ ਪਾਰ

Thursday, Aug 01, 2024 - 12:07 PM (IST)

ਦੁਨੀਆ ਦੇ ਟਾਪ 5 ਸ਼ੇਅਰ ਬਾਜ਼ਾਰਾਂ ’ਚ ਭਾਰਤ ਟਾਪ ਪਰਫਾਰਮਰ, ਮਾਰਕੀਟ ਕੈਪ 5.5 ਟ੍ਰਿਲੀਅਨ ਡਾਲਰ ਦੇ ਪਾਰ

ਮੁੰਬਈ (ਆਈ. ਏ. ਐੱਨ. ਐੱਸ.) - ਭਾਰਤੀ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਟਰੈਂਡ ਜਾਰੀ ਹੈ। ਲਾਰਜਕੈਪ ਤੋਂ ਲੈ ਕੇ ਸਮਾਲ ਅਤੇ ਮਿੱਡਲ ਕੈਪ ਸ਼ੇਅਰ ’ਚ ਖਰੀਦਦਾਰੀ ਵੇਖੀ ਜਾ ਰਹੀ ਹੈ। ਇਸ ਕਾਰਨ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਕੁਲ ਮਾਰਕੀਟ ਕੈਪ 462 ਲੱਖ ਕਰੋਡ਼ ਰੁਪਏ (5.5 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ) ਹੋ ਗਿਆ ਹੈ।

ਇਸ ਤੋਂ ਪਹਿਲਾਂ 24 ਮਈ, 2024 ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਬਾਜ਼ਾਰ ਪੂੰਜੀਕਰਨ 5 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਸੀ। ਸ਼ੇਅਰ ਬਾਜ਼ਾਰ ਦਾ ਪਹਿਲੀ ਵਾਰ ਬਾਜ਼ਾਰ ਪੂੰਜੀਕਰਨ 28 ਮਈ, 2007 ਨੂੰ ਇਕ ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਿਆ ਸੀ।

ਉਥੇ ਹੀ, ਅਗਲੇ 10 ਸਾਲਾਂ ਬਾਅਦ 10 ਜੁਲਾਈ, 2017 ਨੂੰ ਇਹ 2 ਟ੍ਰਿਲੀਅਨ ਡਾਲਰ ਅਤੇ ਅਗਲੇ 4 ਸਾਲਾਂ ਬਾਅਦ 24 ਮਈ, 2021 ਨੂੰ 3 ਟ੍ਰਿਲੀਅਨ ਡਾਲਰ ਅਤੇ ਫਿਰ ਅਗਲੇ 2 ਸਾਲ ਤੋਂ ਜ਼ਿਆਦਾ ਸਮੇਂ ਬਾਅਦ 30 ਨਵੰਬਰ, 2023 ਨੂੰ 4 ਟ੍ਰਿਲੀਅਨ ਅਤੇ ਅਗਲੇ 6 ਮਹੀਨਿਆਂ ’ਚ 24 ਮਈ, 2024 ਨੂੰ 5 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ।

25 ਫੀਸਦੀ ਤੋਂ ਜ਼ਿਆਦਾ ਰਿਟਰਨ ਦੇ ਨਾਲ ਭਾਰਤੀ ਸ਼ੇਅਰ ਬਾਜ਼ਾਰ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ

ਦੁਨੀਆ ਦੇ ਟਾਪ 5 ਸ਼ੇਅਰ ਬਾਜ਼ਾਰਾਂ ’ਚ (ਬਾਜ਼ਾਰ ਪੂੰਜੀਕਰਨ) ’ਚ 2024 ਦੀ ਸ਼ੁਰੂਆਤ ਤੋਂ ਹੁਣ ਤੱਕ 25 ਫੀਸਦੀ ਤੋਂ ਜ਼ਿਆਦਾ ਦੇ ਰਿਟਰਨ ਦੇ ਨਾਲ ਭਾਰਤੀ ਸ਼ੇਅਰ ਬਾਜ਼ਾਰ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ ਹੈ, ਜਦੋਂਕਿ ਅਮਰੀਕੀ ਸ਼ੇਅਰ ਬਾਜ਼ਾਰ ਨੇ 13.50 ਫੀਸਦੀ, ਹਾਂਗਕਾਂਗ ਨੇ 4.15 ਫੀਸਦੀ, ਜਾਪਾਨ ਨੇ 4.02 ਫੀਸਦੀ ਅਤੇ ਚੀਨ ਨੇ ਮਾਈਨਸ 13.61 ਫੀਸਦੀ ਦਾ ਰਿਟਰਨ ਦਿੱਤਾ ਹੈ।

ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ

ਮੌਜੂਦਾ ਸਮੇਂ ’ਚ ਅਮਰੀਕਾ 57.28 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਨਾਲ ਦੁਨੀਆ ਦਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੈ। ਇਸ ਤੋਂ ਬਾਅਦ ਦੂਜੇ ਨੰਬਰ ’ਤੇ 8.24 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਨਾਲ ਚੀਨ, 6.49 ਟ੍ਰਿਲੀਅਨ ਡਾਲਰ ਨਾਲ ਜਾਪਾਨ ਅਤੇ 5.51 ਟ੍ਰਿਲੀਅਨ ਡਾਲਰ ਦੇ ਨਾਲ ਭਾਰਤ ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੈ। 5ਵੇਂ ਸਥਾਨ ’ਤੇ ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਹੈ, ਜਿਸ ਦਾ ਮਾਰਕੀਟ ਕੈਪ 4.92 ਟ੍ਰਿਲੀਅਨ ਡਾਲਰ ਹੋ ਗਿਆ ਹੈ।

ਅਰਥਵਿਵਸਥਾ ਦਾ ਮਜ਼ਬੂਤ ਹੋਣਾ ਤੇਜ਼ੀ ਦਾ ਕਾਰਨ

ਭਾਰਤੀ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਪਿੱਛੇ ਵੱਡਾ ਕਾਰਨ ਅਰਥਵਿਵਸਥਾ ਦਾ ਮਜ਼ਬੂਤ ਹੋਣਾ ਦੱਸਿਆ ਗਿਆ ਹੈ। ਵਿੱਤੀ ਸਾਲ 2023-24 ’ਚ ਜੀ. ਡੀ. ਪੀ. 8.2 ਫੀਸਦੀ ਦੀ ਦਰ ਨਾਲ ਵਧੀ ਅਤੇ ਆਮ ਬਜਟ 2024-25 ਤੋਂ ਪਹਿਲਾਂ ਪੇਸ਼ ਕੀਤੇ ਆਰਥਕ ਸਰਵੇਖਣ ’ਚ ਦੱਸਿਆ ਗਿਆ ਕਿ ਵਿੱਤੀ ਸਾਲ 2024-25 ’ਚ ਜੀ. ਡੀ. ਪੀ. 7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ।


author

Harinder Kaur

Content Editor

Related News