ਭਾਰਤ ਅਗਲੇ 5 ਸਾਲਾਂ ’ਚ 6-8 ਫੀਸਦੀ ਦੀ ਦਰ ਨਾਲ ਵਧਦਾ ਰਹੇਗਾ : ਵੈਸ਼ਨਵ

Thursday, Jan 22, 2026 - 04:43 AM (IST)

ਭਾਰਤ ਅਗਲੇ 5 ਸਾਲਾਂ ’ਚ 6-8 ਫੀਸਦੀ ਦੀ ਦਰ ਨਾਲ ਵਧਦਾ ਰਹੇਗਾ : ਵੈਸ਼ਨਵ

ਦਾਵੋਸ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਕਿਹਾ ਕਿ ਮਹਿੰਗਾਈ ’ਚ ਨਰਮੀ ਅਤੇ ਮਜ਼ਬੂਤ ਆਰਥਿਕ ਵਾਧੇ ਦੇ ਦਮ ’ਤੇ ਭਾਰਤੀ ਅਰਥਵਿਵਸਥਾ ਅਗਲੇ 5 ਸਾਲਾਂ ’ਚ ਅਸਲ ਰੂਪ ’ਚ 6-8 ਫੀਸਦੀ ਅਤੇ ਮੌਜੂਦਾ ਕੀਮਤਾਂ ’ਤੇ 10-13 ਫੀਸਦੀ ਦੀ ਦਰ ਨਾਲ ਵਧਦੀ ਰਹੇਗੀ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਤਕਨਾਲੋਜੀ ਦੇ ਲੋਕਤੰਤਰੀਕਰਨ ਨੂੰ ਲੈ ਕੇ ਦੁਨੀਆ ਭਰ ’ਚ ਡੂੰਘੀ ਉਤਸੁਕਤਾ ਹੈ ਅਤੇ ਇਹੀ ਉਹੀ ਮਾਰਗ ਹੈ, ਜਿਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਹੋਰ ਤਕਨੀਕੀ ਕਾਢਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਸਕਦਾ ਹੈ।

ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਸਾਲਾਨਾ ਬੈਠਕ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਕਾਰੀ ਫੈਡਰਲਿਜ਼ਮ ਦੇ ਮੰਤਰ ਅਨੁਸਾਰ ਵੱਧ ਤੋਂ ਵੱਧ ਸੂਬਿਆਂ ਨੂੰ ਡਬਲਯੂ. ਈ. ਐੱਫ. ਡੈਲੀਗੇਸ਼ਨ ’ਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 10 ਰਾਜ ਦਾਵੋਸ ’ਚ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਸੂਬਿਆਂ ਦੀ ਗਿਣਤੀ ਵਧਣਾ ਇਕ ਹਾਂ-ਪੱਖੀ ਸੰਕੇਤ ਹੈ। 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਕਿਹਾ ਕਿ ਦਾਵੋਸ ’ਚ ਭਾਰਤ ਦੀ ਮੌਜੂਦਗੀ ਪ੍ਰਭਾਵਸ਼ਾਲੀ ਰਹੀ ਹੈ ਅਤੇ ਮਹਾਰਾਸ਼ਟਰ ਨੇ ਮੈਡਟੈੱਕ ਸਮੇਤ ਕਈ ਰਣਨੀਤਕ ਸਾਂਝੇਦਾਰੀਆਂ ’ਤੇ ਹਸਤਾਖਰ 
ਕੀਤੇ ਹਨ। ਵੈਸ਼ਨਵ ਨੇ ਸੈਮੀਕੰਡਕਟਰ ਅਤੇ ਏ. ਆਈ. ਖੇਤਰ ’ਚ ਭਾਰਤ ਦੇ ਯਤਨਾਂ 
ਦੀ ਗਲੋਬਲ ਪੱਧਰੀ ਸ਼ਲਾਘਾ ਦਾ ਵੀ ਜ਼ਿਕਰ ਕੀਤਾ।

ਅਡਾਣੀ ਗਰੁੱਪ ਦੀ ਭਾਰਤ ’ਚ 6 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਦੀ ਵੱਡੀ ਯੋਜਨਾ
ਡਬਲਯੂ. ਈ. ਐੱਫ. ਦੀ 56ਵੀਂ ਸਾਲਾਨਾ ਬੈਠਕ ’ਚ ਅਡਾਣੀ ਗਰੁੱਪ ਨੇ ਭਾਰਤ ’ਚ 6 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਮਹੱਤਵਪੂਰਨ ਯੋਜਨਾ ਪੇਸ਼ ਕੀਤੀ। ਇਹ ਨਿਵੇਸ਼ ਹਵਾਬਾਜ਼ੀ, ਸਵੱਛ ਊਰਜਾ, ਸ਼ਹਿਰੀ ਬੁਨਿਆਦੀ ਢਾਂਚੇ, ਡਿਜੀਟਲ ਪਲੇਟਫਾਰਮਾਂ ਅਤੇ ਉੱਨਤ ਨਿਰਮਾਣ ਖੇਤਰਾਂ ’ਚ ਕੀਤਾ ਜਾਵੇਗਾ। ਗਰੁੱਪ ਅਨੁਸਾਰ ਪ੍ਰਸਤਾਵਿਤ ਨਿਵੇਸ਼ ਮਹਾਰਾਸ਼ਟਰ, ਅਸਾਮ ਅਤੇ ਝਾਰਖੰਡ ’ਚ ਕੇਂਦਰਿਤ ਹੋਣਗੇ ਅਤੇ ਇਹ ਸੰਪੱਤੀ-ਆਧਾਰਿਤ ਵਿਕਾਸ ਤੋਂ ਏਕੀਕ੍ਰਿਤ, ਤਕਨਾਲੋਜੀ-ਸੰਚਾਲਿਤ ਬੁਨਿਆਦੀ ਢਾਂਚਾ ਪਲੇਟਫਾਰਮਾਂ ਵੱਲ ਰਣਨੀਤਕ ਤਬਦੀਲੀ ਨੂੰ ਦਰਸਾਉਂਦਾ ਹੈ।

ਅਸਾਮ ’ਚ ਗੁਹਾਟੀ ਹਵਾਈ ਅੱਡੇ ਨੂੰ ਖੇਤਰੀ ਹਵਾਬਾਜ਼ੀ ਕੇਂਦਰ ਵਜੋਂ ਵਿਕਸਤ ਕਰਨ, ਵੱਡੇ ਪੱਧਰ ’ਤੇ ਸੌਰ ਊਰਜਾ ਪ੍ਰਾਜੈਕਟਾਂ ਅਤੇ ਸੀਮੈਂਟ ਨਿਰਮਾਣ ਦੀਆਂ ਯੋਜਨਾਵਾਂ ਸ਼ਾਮਲ ਹਨ। ਮਹਾਰਾਸ਼ਟਰ ’ਚ ਧਾਰਾਵੀ ਮੁੜ-ਵਿਕਾਸ, ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ, ਗ੍ਰੀਨ ਡਾਟਾ ਸੈਂਟਰ, ਊਰਜਾ ਪ੍ਰਾਜੈਕਟ ਅਤੇ ਸੈਮੀਕੰਡਕਟਰ ਸੁਵਿਧਾਵਾਂ ਪ੍ਰਸਤਾਵਿਤ ਹਨ। ਗਰੁੱਪ ਨੇ ਕਿਹਾ ਕਿ ਇਨ੍ਹਾਂ ਨਿਵੇਸ਼ਾਂ ਨਾਲ ਰੋਜ਼ਗਾਰ, ਹੁਨਰ ਵਿਕਾਸ ਅਤੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲੇਗਾ।

ਅਸਾਮ ਨੂੰ ਮਿਲੇ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ : ਹਿਮੰਤ 
ਡਬਲਯੂ. ਈ. ਐੱਫ. ਦੀ ਸਾਲਾਨਾ ਬੈਠਕ ’ਚ ਪਹਿਲੀ ਵਾਰ ਹਿੱਸਾ ਲੈ ਰਹੇ ਅਸਾਮ ਨੇ ਹੁਣ ਤੱਕ ਕਰੀਬ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਹਾਸਲ ਕਰ ਲਏ ਹਨ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਪੱਧਰੀ ਮੰਚ ’ਤੇ ਸੂਬੇ ਦੀ ਮੌਜੂਦਗੀ ਦੀ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ਨਾਲ ਅਸਾਮ ਨੂੰ ਹੋਰ ਨਿਵੇਸ਼ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ। ਰਿਜ਼ਰਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਾਮ ਇਸ ਸਮੇਂ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸੂਬਾ ਹੈ ਅਤੇ ਪਿਛਲੇ 5 ਸਾਲਾਂ ’ਚ ਸੂਬੇ ਨੇ ਲਗਾਤਾਰ 13 ਫੀਸਦੀ ਤੋਂ ਵੱਧ ਦੀ ਵਿਕਾਸ ਦਰ ਦਰਜ ਕੀਤੀ ਹੈ।


author

Inder Prajapati

Content Editor

Related News