ਭਾਰਤ ਨੂੰ ਜਨਵਰੀ ਤੱਕ ਮਿਲ ਜਾਣਗੇ ਕੋਰੋਨਾ ਤੋਂ ਬਚਾਅ ਲਈ ਦੋ ਟੀਕੇ, ਕੰਪਨੀਆਂ ਨਾਲ ਕੀਤਾ ਸਮਝੌਤਾ

08/30/2020 5:11:18 PM

ਵਾਸ਼ਿੰਗਟਨ- ਭਾਰਤ ਨੂੰ ਅਗਲੇ ਸਾਲ ਜਨਵਰੀ ਤੱਕ ਕੋਰੋਨਾ ਤੋਂ ਬਚਾਅ ਲਈ ਦੋ ਟੀਕੇ ਮਿਲ ਜਾਣਗੇ। ਬਰਨਸਟੀਨ ਦੀ ਰਿਪੋਰਟ ਮੁਤਾਬਕ ਭਾਰਤ ਨੇ ਦੌੜ ’ਚ ਅੱਗੇ ਚੱਲ ਰਹੀਆਂ ਕੰਪਨੀਆਂ ਐਸਟ੍ਰਾਜੇਨੇਕਾ ਅੇਤ ਨੋਵਾਵੈਕਸ ਤੋਂ ਟੀਕਿਆਂ ਲਈ ਸਮਝੌਤਾ ਕਰ ਲਿਆ ਹੈ। ਅਜਿਹੇ ’ਚ ਟੀਕਿਆਂ ਨੂੰ ਮਨਜ਼ੂਰੀ ਮਿਲਦੇ ਹੀ ਭਾਰਤ ’ਚ ਇਸਦਾ ਟੀਕਾਕਰਨ ਸ਼ੁਰੂ ਹੋ ਸਕਦਾ ਹੈ।

ਰਿਪੋਰਟ ਮੁਤਾਬਕ ਸੰਸਾਰਕ ਪੱਧਰ ’ਤੇ 4 ਸੰਭਾਵਿਤ ਟੀਕੇ ਹਨ, ਜਿਨ੍ਹਾਂ 2020 ਦੇ ਅਖੀਰ ਤੱਕ ਜਾਂ 2021 ਦੀ ਸ਼ੁਰੂਆਤ ’ਚ ਇਜਾਜ਼ਤ ਮਿਲਣ ਦਾ ਅਨੁਮਾਨ ਹੈ। ਇਸ ਵਿਚੋਂ 2 ਟੀਕੇ ਐਸਟ੍ਰਾਜੇਨੇਕਾ ਤੇ ਆਕਸਫੋਰਡ ਦਾ ਵਾਇਰਸ ਵੈਕਟਰ ਟੀਕਾ ਅਤੇ ਨੋਵਾਬੈਕਸ ਦੇ ਪ੍ਰੋਟੀਨ ਸਬ ਯੂਨਿਟ ਟੀਕੇ ਲਈ ਭਾਰਤ ਨੇ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ਟੀਕਿਆਂ ਦੇ ਹੁਣ ਤੱਕ ਦੇ ਪ੍ਰੀਖਣ ਮਾਪਦੰਡਾਂ ’ਤੇ ਖਰੇ ਉਤਰਨ ਨਾਲ ਰੋਗ ਰੋਕੂ ਸਮਰੱਥਾ ਵਧਾਉਣ ’ਚ ਸਫਲ ਸਾਬਿਤ ਹੋਏ ਹਨ। 

ਟੀਕੇ ਦੀ ਕੀਮਤ ਪ੍ਰਤੀ ਖੁਰਾਕ 3 ਤੋਂ 6 ਡਾਲਰ (225 ਤੋਂ 550 ਰੁਪਏ) ਹੋ ਸਕਦੀ ਹੈ। ਹਾਲਾਂਕਿ ਟੀਕੇ ਰਾਹੀਂ ਹਰਡ ਇਮਿਊਨਿਟੀ (ਸਮੂਹਿਕ ਰੋਗ ਰੋਕੂ ਸਮਰੱਥਾ) ਵਿਕਸਤ ਹੋਣ ’ਚ 2 ਸਾਲ ਲਗ ਸਕਦੇ ਹਨ। ਇਸ ਦਾ ਕਾਰਨ ਨਵੇਂ ਵਾਇਰਸ ਦੇ ਮਾਮਲੇ ’ਚ ਘੱਟ ਜਾਣਕਾਰੀ ਅਤੇ ਟੀਕਾਕਰਨ ਦਾ ਘੱਟ ਤਜ਼ਰਬਾ ਹੋਣਾ ਹੈ। ਸੁਰੂਆਤ ’ਚ ਟੀਕੇ ਸਿਹਤ ਮੁਲਾਜ਼ਮਾਂ ਅਤੇ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਆਦਿ ਵਰਗੇ ਸੰਵੇਦਨਸ਼ੀਲ ਵਰਗ ਨੂੰ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਤੋਂ ਬਾਅਦ ਟੀਕੇ ਜ਼ਰੂਰੀ ਸੇਵਾਵਾਂ ’ਚ ਲੱਗੇ ਲੋਕਾਂ ਅਤੇ ਗਰੀਬ ਲੋਕਾਂ ਨੂੰ ਦਿੱਤੇ ਜਾ ਸਕਦੇ ਹਨ। ਭਾਰਤ ਦਾ ਟੀਕਾ ਬਾਜ਼ਾਰ ਵਿੱਤ ਸਾਲ 2021-22 ’ਚ 6 ਅਰਬ ਡਾਲਰ ਦਾ ਹੋ ਸਕਦਾ ਹੈ।

ਪੋਲੀਓ ਖਾਤਮੇ ਵਰਗੀ ਮੁਹਿੰਮ ਚਲਾਉਣੀ ਹੋਵੇਗੀ

ਰਿਪੋਰਟ ਮੁਤਾਬਕ ਭਾਰਤ ’ਚ ਪੋਲੀਓ ਖਾਤਮੇ ਵਰਗੀ ਮੁਹਿੰਮ ਚਲਾਉਣੀ ਹੋਵੇਗੀ। ਭਾਰਤ ’ਚ ਵੱਡੇ ਪੱਧਰ ’ਤੇ ਟੀਕਾਕਰਨ ਦੇ 2 ਤਜ਼ਰਬੇ ਹਨ। ਇਕ 2011 ਦਾ ਪੋਲੀਓ ਖਾਤਮਾ ਮੁਹਿੰਮ ਅਤੇ ਦੂਸਰਾ ਹਾਲੀਆ ਸਘਨ ਮਿਸ਼ਨ ਇੰਦਰਧਨੁਸ਼ (ਆਈ. ਐੱਮ. ਆਈ.), ਪਰ ਇਸਦਾ ਪੱਧਰ ਕੋਵਿਡ-19 ਲਈ ਉਮੀਦ ਦੇ ਪੱਧਰ ਦਾ ਇਕ ਤਿਹਾਈ ਜਿੰਨਾ ਸੀ।

ਟੀਕਾਕਰਨ ਮੁਹਿੰਮ ’ਚ 18 ਤੋਂ 20 ਮਹੀਨੇ ਲੱਗਣਗੇ

ਬਰਨਸਟੀਨ ਨੇ ਕਿਹਾ ਕਿ ਟੀਕਾਕਰਨ ’ਚ ਕੋਲਡ ਚੇਨ ਸਟੋਰੇਜ ਦੀ ਲੜੀ ਅਤੇ ਕੁਸ਼ਲ ਕਿਰਤ ਦੀ ਕਮੀ ਦੋ ਵੱਡੀਆਂ ਚੁਣੌਤੀਆਂ ਸਾਹਮਣੇ ਆਉਣ ਵਾਲੀਆਂ ਹਨ। ਜੇਕਰ ਇਨ੍ਹਾਂ ਦੀ ਰਫਤਾਰ ਪਹਿਲਾਂ ਦੇ ਮੁਕਾਬਲੇ ਦੁਗਣੀ ਹੋਵੇਗੀ ਓਦੋਂ ਵੀ ਸਰਕਾਰੀ ਟੀਕਾਕਰਨ ਦੇ ਅਮਲ ’ਚ ਆਉਣ ’ਚ 18 ਤੋਂ 20 ਮਹੀਨੇ ਲਗਣਗੇ।
 

ਸੀਰਮ 2 ਅਰਬ ਖੁਰਾਕ ਬਣਾਉਣ ਦੀ ਤਿਆਰੀ ’ਚ

ਸੀਰਮ ਇੰਸਟੀਚਿਊਟ ਆਫ ਇੰਡੀਆ ਪਹਿਲਾਂ ਟੀਕੇ ਨੂੰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੀਰਮ 2 ਅਰਬ ਖੁਰਾਕ ਬਣਾਉਣ ਦੀ ਤਿਆਰ ਕਰ ਰਿਹਾ ਹੈ। ਸੀਰਮ ਨੇ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਅਤੇ ਨੋਵਾਵੈਕਸ ਦੇ ਨਾਲ ਉਨ੍ਹਾਂ ਦੇ ਸੰਭਾਵਿਤ ਟੀਕੇ ਦੇ ਉਤਪਾਦਨ ਦਾ ਸਮਝੌਤਾ ਕੀਤਾ ਹੈ। ਸੀਰਮ ਇਕ ਅਰਬ ਖੁਰਾਕ ਦੀ ਵਾਧੂ ਸਮਰੱਥਾ ’ਤੇ ਕੰਮ ਕਰ ਰਿਹਾ ਹੈ। ਅਨੁਮਾਨ ਹੈ ਕਿ ਸੰਸਥਾਨ 2021 ’ਚ 60 ਕਰੋੜ ਖੁਰਾਕ ਅਤੇ 2022 ’ਚ 1 ਅਰਬ ਖੁਰਾਕ ਬਣਾ ਲਵੇਗਾ। ਇਨ੍ਹਾਂ ਵਿਚੋਂ 2021 ’ਚ ਭਾਰਤ ਲਈ 40 ਤੋਂ 50 ਕਰੋੜ ਖੁਰਾਕ ਮੁਹੱਈਆ ਹੋਣਗੀਆਂ। ਭਾਰਤ ਦੀਆਂ 3 ਕੰਪਨੀਆਂ ਜਾਇਡਸ, ਭਾਰਤ ਬਾਇਓਟੈਕ ਅਤੇ ਬਾਇਓਲਾਜੀਕਲ-ਈ ਵੀ ਆਪਣੇ-ਆਪਣੇ ਟੀਕੇ ’ਤੇ ਕੰਮ ਕਰ ਰਹੀਆਂ ਹਨ। ਇਹ ਟੀਕੇ ਪਹਿਲੇ ਅਤੇ ਦੂਸਰੇ ਪੜਾਅ ਦੇ ਪ੍ਰੀਖਣ ’ਤੇ ਹਨ।


Sanjeev

Content Editor

Related News