ਭਾਰਤ ਨੇ ਸ਼੍ਰੀਲੰਕਾ ਨਾਲ FTA ’ਚ ਕਾਰਾਂ, ਕਮਰਸ਼ੀਅਲ ਵਾਹਨਾਂ, ਮਸ਼ੀਨਰੀ ’ਤੇ ਡਿਊਟੀ ਰਿਆਇਤ ਮੰਗੀ
Monday, Aug 05, 2024 - 12:27 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਇਕ ਵਿਆਪਕ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਤਹਿਤ ਸ਼੍ਰੀਲੰਕਾ ਤੋਂ ਕਾਰਾਂ, ਕਮਰਸ਼ੀਅਲ ਵਾਹਨਾਂ ਅਤੇ ਮਸ਼ੀਨਰੀ ਸਮੇਤ ਕਈ ਵਸਤਾਂ ’ਤੇ ਕਸਟਮ ਡਿਊਟੀ ਰਿਆਇਤ ਦੀ ਮੰਗ ਕਰ ਰਿਹਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ’ਚ ਐੱਫ. ਟੀ. ਏ. ’ਤੇ ਗੱਲਬਾਤ ਜਾਰੀ ਹੈ। ਭਾਰਤ ਅਤੇ ਸ਼੍ਰੀਲੰਕਾ ਦੇ ਸੀਨੀਅਰ ਅਧਿਕਾਰੀਆਂ ’ਚ 14ਵੇਂ ਦੌਰ ਦੀ ਗੱਲਬਾਤ ਹਾਲ ਹੀ ’ਚ ਕੋਲੰਬੋ ’ਚ ਸੰਪੰਨ ਹੋਈ।
ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਇੱਥੋਂ ਪੇਸ਼ੇਵਰਾਂ ਦੇ ਪ੍ਰਵੇਸ਼ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਆਸਾਨ ਵੀਜ਼ਾ ਮਾਪਦੰਡਾਂ ਦੀ ਵੀ ਮੰਗ ਕੀਤੀ ਹੈ। ਦੋਵਾਂ ਦੇਸ਼ਾਂ ’ਚ ਗੱਲਬਾਤ ਦੌਰਾਨ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਹੋਈ, ਉਨ੍ਹਾਂ ’ਚ ਮੂਲ ਦੇ ਨਿਯਮ, ਮਾਲ, ਸੇਵਾਵਾਂ ਅਤੇ ਵਪਾਰ ਲਈ ਤਕਨੀਕੀ ਰੁਕਾਵਟਾਂ ਸ਼ਾਮਿਲ ਸਨ।
ਦੂਜੀ ਪਾਸੇ ਸ਼੍ਰੀਲੰਕਾ ਨੇ ਭਾਰਤ ਨੂੰ ਕੱਪੜਾ ਬਰਾਮਦ ’ਤੇ ਕੋਟਾ ਹਟਾਉਣ ਦੀ ਮੰਗ ਕੀਤੀ ਹੈ। ਉਸ ਨੇ ਚਾਹ ਅਤੇ ਕੁੱਝ ਖੇਤੀਬਾੜੀ ਵਸਤਾਂ ’ਤੇ ਡਿਊਟੀ ਰਿਆਇਤ ਦੀ ਮੰਗ ਵੀ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਸ਼੍ਰੀਲੰਕਾ ’ਚ ਚੋਣਾਂ ਦਾ ਐਲਾਨ ਹੋਵੇਗਾ, ਉਸ ਤੋਂ ਬਾਅਦ ਦੋਵੇਂ ਦੇਸ਼ਾਂ ’ਚ ਅਗਲੇ ਦੌਰ ਦੀ ਗੱਲਬਾਤ ਹੋਵੇਗੀ। ਦੋਵਾਂ ਦੇਸ਼ਾਂ ਨੇ ਪਹਿਲਾਂ ਹੀ ਵਸਤਾਂ ’ਚ ਇਕ ਮੁਕਤ ਵਪਾਰ ਸਮਝੌਤਾ ਲਾਗੂ ਕਰ ਦਿੱਤਾ ਹੈ ਅਤੇ ਹੁਣ ਉਹ ਜ਼ਿਆਦਾ ਵਸਤਾਂ ਅਤੇ ਸੇਵਾਵਾਂ ਨੂੰ ਸ਼ਾਮਿਲ ਕਰ ਕੇ ਸਮਝੌਤੇ ਦਾ ਵਿਸਥਾਰ ਕਰਨ ਲਈ ਗੱਲਬਾਤ ਕਰ ਰਹੇ ਹਨ।
ਭਾਰਤ-ਸ਼੍ਰੀਲੰਕਾ ਮੁਕਤ ਵਪਾਰ ਸਮਝੌਤਾ (ਆਈ. ਐੱਸ. ਐੱਫ. ਟੀ. ਏ.) ਮਾਰਚ, 2000 ’ਚ ਲਾਗੂ ਹੋਇਆ ਸੀ। ਇਸ ਤਹਿਤ ਵਸਤਾਂ ਦੀ ਇਕ ਵਿਸਤ੍ਰਿਤ ਲੜੀ ’ਤੇ ਡਿਊਟੀ ਘੱਟ ਕਰ ਕੇ ਦੋਵਾਂ ਦੇਸ਼ਾਂ ’ਚ ਆਰਥਕ ਸਬੰਧਾਂ ਨੂੰ ਬੜ੍ਹਾਵਾ ਦਿੱਤਾ ਗਿਆ। ਹਾਲਾਂਕਿ, ਮੂਲ ਆਈ. ਐੱਸ. ਐੱਫ. ਟੀ. ਏ. ਸਿਰਫ ਵਸਤਾਂ ’ਤੇ ਕੇਂਦਰਿਤ ਸੀ, ਇਸ ਲਈ ਦੋਵੇਂ ਦੇਸ਼ ਇਸ ਨੂੰ ਵਿਆਪਕ ਆਰਥਕ ਭਾਗੀਵਾਲੀ ਸਮਝੌਤੇ (ਸੀ . ਈ. ਪੀ. ਏ.) ’ਚ ਵਿਸਥਾਰਿਤ ਕਰਨ ਲਈ ਕਈ ਸਾਲਾਂ ਤੋਂ ਗੱਲਬਾਤ ਕਰ ਰਹੇ ਹਨ।