ਮਾਰਚ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 3.1 ਫੀਸਦੀ 'ਤੇ ਖਿਸਕੀ

05/29/2020 6:36:08 PM

ਨਵੀਂ ਦਿੱਲੀ— ਭਾਰਤ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ 'ਚ ਘੱਟ ਕੇ 3.1 ਫੀਸਦੀ 'ਤੇ ਆ ਗਈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਵਿੱਤੀ ਸਾਲ 2019-20 'ਚ ਜੀ. ਡੀ. ਪੀ. ਗ੍ਰੋਥ 2018-19 ਦੇ 6.1 ਫੀਸਦੀ ਤੋਂ ਘੱਟ ਕੇ 4.2 ਫੀਸਦੀ ਰਹਿ ਗਈ।

ਸ਼ੁੱਕਰਵਾਰ ਨੂੰ ਕੇਂਦਰੀ ਅੰਕੜਾ ਦਫਤਰ ਵੱਲੋਂ ਜਾਰੀ ਡਾਟਾ ਮੁਤਾਬਕ, 31 ਮਾਰਚ 2020 ਨੂੰ ਸਮਾਪਤ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਵਿਕਾਸ ਦਰ 3.1 ਫੀਸਦੀ ਰਹੀ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਕਾਰਨ ਚੌਥੀ ਤਿਮਾਹੀ ਦੇ ਪੂਰੇ ਅੰਕੜੇ ਇਕੱਠੇ ਨਹੀਂ ਕੀਤੇ ਜਾ ਸਕੇ ਹਨ। ਫਿਲਹਾਲ ਉਪਲੱਬਧ ਅੰਕੜਿਆਂ ਦੇ ਆਧਾਰ 'ਤੇ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਬਾਅਦ 'ਚ ਪੂਰੇ ਵਿੱਤੀ ਸਾਲ ਅਤੇ ਚੌਥੀ ਤਿਮਾਹੀ ਦੇ ਅੰਕੜਿਆਂ 'ਚ ਸੋਧ ਕੀਤਾ ਜਾਵੇਗਾ।
ਵਿੱਤੀ ਸਾਲ 2019-20 'ਚ ਜੀ. ਡੀ. ਪੀ. 145.66 ਲੱਖ ਕਰੋੜ ਰਿਹਾ, ਜੋ 2018-19 ਦੇ 139.81 ਲੱਖ ਕਰੋੜ ਤੋਂ 4.2 ਫੀਸਦੀ ਜ਼ਿਆਦਾ ਹੈ। ਚੌਥੀ ਤਿਮਾਹੀ 'ਚ ਜੀ. ਡੀ. ਪੀ. 38.04 ਲੱਖ ਕਰੋੜ ਰਹੀ, ਜੋ 2018-19 ਦੀ ਅੰਤਿਮ ਤਿਮਾਹੀ ਦੇ 36.90 ਲੱਖ ਕਰੋੜ ਤੋਂ 3.1 ਫੀਸਦੀ ਵੱਧ ਹੈ। ਪਿਛਲੇ ਵਿੱਤੀ ਸਾਲ ਦੀ ਮਾਰਚ ਤਿਮਾਹੀ ਦੌਰਾਨ ਖੇਤੀਬਾੜੀ ਅਤੇ ਸਰਕਾਰੀ ਖਰਚੇ ਹੀ 5.9 ਫੀਸਦੀ ਅਤੇ 10.1 ਫੀਸਦੀ ਦੀ ਦਰ ਨਾਲ ਵਧੇ ਹਨ।

ਜ਼ਿਕਰਯੋਗ ਹੈ ਕਿ ਰਾਸ਼ਟਰ ਪੱਧਰੀ ਲਾਕਡਾਊਨ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ, ਯਾਨੀ ਮਾਰਚ 'ਚ ਇਕ ਹਫਤਾ ਕਾਰੋਬਾਰ ਠੱਪ ਰਹਿਣ ਨਾਲ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ 'ਚ ਗ੍ਰੋਥ 3.1 ਫੀਸਦੀ 'ਤੇ ਖਿਸਕ ਗਈ। ਉੱਥੇ ਹੀ, ਅਪ੍ਰੈਲ-ਮਈ 'ਚ ਕੰਮਕਾਰ ਠੱਪ ਰਹਿਣ ਨਾਲ ਜੂਨ ਤਿਮਾਹੀ 'ਚ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗ ਸਕਦਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ ਸੀ।


Sanjeev

Content Editor

Related News