ਈਰਾਨ-US 'ਚ ਤੱਲਖੀ ਵਧੀ ਤਾਂ ਕਿਸਾਨਾਂ ਨੂੰ ਹੋਵੇਗਾ ਨੁਕਸਾਨ, ਇਹ ਹੈ ਵਜ੍ਹਾ

01/05/2020 3:08:17 PM

ਨਵੀਂ ਦਿੱਲੀ— ਈਰਾਨ-ਯੂ. ਐੱਸ. ਵਿਚਕਾਰ ਜੰਗੀ ਹਾਲਾਤ ਬਣਨ ਨਾਲ ਭਾਰਤ ਦੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਈਰਾਨ ਦੇ ਟਾਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਯੂ. ਐੱਸ.-ਈਰਾਨ ਵਿਚਕਾਰ ਤੱਲਖੀ ਵਧਣ ਦੀ ਸਥਿਤੀ ਵਿਚ ਫਾਰਸ ਦੀ ਖਾੜੀ ਦੇ ਦੇਸ਼ ਨੂੰ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਬਰਾਮਦਕਾਰਾਂ ਦੀ ਪ੍ਰਮੁੱਖ ਸੰਸਥਾ 'ਭਾਰਤੀ ਬਰਾਮਦ ਸੰਗਠਨ (ਫਿਓ) ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ। ਫਿਓ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਬਰਾਮਦਕਾਰਾਂ ਨੇ ਹੁਣ ਤਕ ਈਰਾਨ ਨੂੰ ਬਰਾਮਦ ਬਾਰੇ ਕੋਈ ਚਿੰਤਾ ਨਹੀਂ ਜ਼ਾਹਰ ਕੀਤੀ ਹੈ ਪਰ ਜੇਕਰ ਤਣਾਅ ਜਾਰੀ ਰਿਹਾ ਤਾਂ ਇਸ ਨਾਲ ਭਾਰਤ ਦੀ ਈਰਾਨ ਨੂੰ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ।
 

ਈਰਾਨ ਭਾਰਤ ਲਈ ਇਕ ਪ੍ਰਮੁੱਖ ਵਪਾਰਕ ਭਾਈਵਾਲ ਹੈ। ਈਰਾਨ ਭਾਰਤ ਨੂੰ ਕੱਚਾ ਤੇਲ, ਖਾਦ ਅਤੇ ਰਸਾਇਣਾਂ ਦੀ ਬਰਾਮਦ ਕਰਦਾ ਹੈ। ਉੱਥੇ ਹੀ, ਉਹ ਭਾਰਤ ਤੋਂ ਮੋਟੇ ਦਾਣੇ, ਚਾਹ, ਕਾਫੀ, ਬਾਸਮਤੀ ਚਾਵਲ, ਮਸਾਲੇ ਦਰਾਮਦ ਕਰਦਾ ਹੈ।
ਈਰਾਨ ਨੂੰ ਭਾਰਤ ਦੀ ਬਰਾਮਦ ਵਿੱਤੀ ਸਾਲ 2018-19 ਵਿਚ 3.51 ਅਰਬ ਡਾਲਰ ਯਾਨੀ 24,920 ਕਰੋੜ ਰੁਪਏ ਰਹੀ ਸੀ। ਇਸ ਦੌਰਾਨ ਦਰਾਮਦ 13.52 ਅਰਬ ਡਾਲਰ ਯਾਨੀ 96,000 ਕਰੋੜ ਰੁਪਏ ਰਹੀ ਸੀ। ਵਪਾਰ 'ਚ ਸੰਤੁਲਨ ਨਾ ਹੋਣ ਦਾ ਮੁੱਖ ਕਾਰਨ ਭਾਰਤ ਵੱਲੋਂ ਈਰਾਨ ਤੋਂ ਕੱਚੇ ਤੇਲ ਦੀ ਵੱਡੀ ਦਰਾਮਦ ਕਰਨਾ ਹੈ। ਫਿਲਹਾਲ ਦੋਵੇਂ ਦੇਸ਼ ਆਪਸੀ ਵਪਾਰ ਨੂੰ ਵਧਾਉਣ ਲਈ ਦੁਵੱਲੇ ਤਰਜੀਹੀ ਵਪਾਰ ਸਮਝੌਤੇ (ਪੀ. ਟੀ. ਏ.) ਲਈ ਗੱਲਬਾਤ ਕਰ ਰਹੇ ਹਨ।


Related News