ਫਾਈਜ਼ਰ-ਮੋਡੇਰਨਾ ਨਹੀਂ, ਇਹ 5 ਟੀਕੇ ਭਾਰਤ 'ਚ ਪਾਉਣਗੇ ਕੋਰੋਨਾ 'ਤੇ ਕਾਬੂ!
Tuesday, Nov 17, 2020 - 11:16 PM (IST)
ਨਵੀਂ ਦਿੱਲੀ— ਸਰਕਾਰ ਨੂੰ ਉਮੀਦ ਹੈ ਕਿ ਸਥਾਨਕ ਤੌਰ 'ਤੇ ਟੈਸਟ ਕੀਤੇ ਜਾ ਰਹੇ ਪੰਜ ਟੀਕੇ ਕੋਵਿਡ-19 ਨੂੰ ਕਾਬੂ ਕਰਨ 'ਚ ਮਦਦ ਕਰਨਗੇ ਕਿਉਂਕਿ ਫਾਈਜ਼ਰ ਅਤੇ ਮੋਡੇਰਨਾ ਵੱਲੋਂ ਵਿਕਸਤ ਕੀਤੇ ਗਏ ਟੀਕੇ ਜਲਦ ਵੱਡੀ ਮਾਤਰਾ 'ਚ ਭਾਰਤ 'ਚ ਉਪਲਬਧ ਨਹੀਂ ਹੋਣਗੇ।
ਪ੍ਰਧਾਨ ਮੰਤਰੀ ਨੂੰ ਸਲਾਹ ਦੇਣ ਵਾਲੀ ਕਮੇਟੀ ਦੇ ਮੁਖੀ ਵਿਨੋਦ ਪੌਲ ਨੇ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਪੰਜ ਟੀਕਿਆਂ 'ਚ ਰੂਸ ਦੀ ਸਪੁਤਨਿਕ ਵੀ ਸ਼ਾਮਲ ਹੈ, ਜਿਸ ਦਾ ਫੇਜ਼-3 ਟ੍ਰਾਇਲ ਡਾ: ਰੈਡੀਜ਼ ਲੈਬੋਰੇਟਰੀ ਦੇ ਸਹਿਯੋਗ ਨਾਲ ਅਗਲੇ ਹਫ਼ਤੇ ਸ਼ੁਰੂ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਐਸਟ੍ਰਾਜ਼ੇਨੇਕਾ ਤੇ ਆਕਸਫੋਰਡ ਯੂਨਿਵਰਸਿਟੀ ਦਾ ਟੀਕਾ ਭਾਰਤ 'ਚ ਸੀਰਮ ਇੰਸਟੀਚਿਊਟ ਵੱਲੋਂ ਵਿਕਸਤ ਜਾ ਰਿਹਾ ਹੈ। ਹੋਰ ਟੀਕਿਆਂ 'ਚ ਭਾਰਤ ਬਾਇਓਟੈਕ ਅਤੇ ਭਾਰਤ ਸਰਕਾਰ ਦਾ 'ਕੋਵੈਕਸੀਨ', ਜ਼ਾਇਡਸ ਕੈਡਿਲਾ ਦਾ 'ਜ਼ਾਈਕੋਵ-ਡੀ' ਅਤੇ ਇਕ ਬਾਇਓਲੌਜੀਕਲ ਈ. ਲਿਮਟਡ ਵੱਲੋਂ ਬੇਲੋਰ ਕਾਲਜ ਆਫ਼ ਮੈਡੀਸਨ ਤੇ ਡਾਇਨਵੈਕਸ ਤਕਨਾਲੋਜੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਟੀਕਾ ਸ਼ਾਮਲ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਮਹਿੰਦਰਾ ਇੱਥੇ ਬਣਾਏਗੀ K2 ਸੀਰੀਜ਼ ਦੇ ਨਵੇਂ ਟਰੈਕਟਰ
ਪੌਲ ਨੇ ਇਕ ਨਿਊਜ਼ ਬ੍ਰੀਫਿੰਗ 'ਚ ਕਿਹਾ ਕਿ ਐਸਟ੍ਰਾਜ਼ੇਨੇਕਾ ਟੀਕੇ ਦਾ ਅੰਤਿਮ ਟ੍ਰਾਇਲ ਭਾਰਤ 'ਚ ਚੰਗਾ ਰਿਹਾ ਹੈ ਅਤੇ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ, ''ਸਾਨੂੰ ਬਹੁਤ ਉਮੀਦ ਹੈ ਕਿ ਅਸੀਂ ਪੰਜ ਟੀਕਿਆਂ ਨਾਲ ਸਫ਼ਲ ਹੋਵਾਂਗੇ। ਇਸ ਨਾਲ ਸਾਡੀ ਜ਼ਰੂਰਤ ਲਈ ਜਿੰਨੀਆਂ ਖ਼ੁਰਾਕਾਂ ਚਾਹੀਦੀਆਂ ਹਨ ਉਹ ਪੂਰੀਆਂ ਹੋਣਗੀਆਂ ਅਤੇ ਅਸੀਂ ਮਹਾਮਾਰੀ ਨੂੰ ਕੰਟਰੋਲ ਕਰਨ 'ਚ ਕਾਮਯਾਬ ਹੋਵਾਂਗੇ।'' ਉਨ੍ਹਾਂ ਕਿਹਾ ਕਿ ਸਰਕਾਰ ਫਾਈਜ਼ਰ ਤੇ ਮੋਡੇਰਨਾ ਟੀਕਿਆਂ ਦੀ ਪ੍ਰਗਤੀ 'ਤੇ ਵੀ ਨਜ਼ਰ ਰੱਖ ਰਹੀ ਹੈ, ਜਿਨ੍ਹਾਂ ਨੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ 'ਚ ਆਪਣੇ ਟੀਕੇ ਦੇ 90 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੋਣ ਦੀ ਘੋਸ਼ਣਾ ਕੀਤੀ ਹੈ। ਫਾਈਜ਼ਰ ਟੀਕੇ ਦੀ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਉੱਚ ਮਾਈਨਸ ਡਿਗਰੀ 'ਤੇ ਸਟੋਰ ਕਰਕੇ ਰੱਖਣ ਦੀ ਹੈ। ਹਾਲਾਂਕਿ, ਪੌਲ ਨੇ ਕਿਹਾ ਕਿ ਜੇਕਰ ਭਾਰਤ ਨੂੰ ਇਸ ਦੀ ਲੋੜ ਪਈ ਤਾਂ ਉਹ ਇਸ ਲਈ ਯਤਨ ਕਰੇਗਾ।
ਇਹ ਵੀ ਪੜ੍ਹੋ- RBI ਨੇ ਇਸ ਨਿੱਜੀ ਬੈਂਕ 'ਤੇ ਲਾਈ ਰੋਕ, 25 ਹਜ਼ਾਰ ਹੀ ਕਢਾ ਸਕਣਗੇ ਗਾਹਕ