ਵਿਦੇਸ਼ ਜਾਣ ਦੀ ਉਡੀਕ ਹੋਵੇਗੀ ਖ਼ਤਮ, ਆ ਰਹੀ ਹੈ ਇਹ ਸਿੰਗਲ ਸ਼ਾਟ ਵੈਕਸੀਨ
Sunday, Jun 27, 2021 - 10:32 AM (IST)
 
            
            ਨਵੀਂ ਦਿੱਲੀ- ਕੋਵੀਡ-19 ਮਹਾਮਾਰੀ ਵਿਰੁੱਧ ਲੜਾਈ ਵਿਚ ਭਾਰਤ ਵਿਚ ਜਲਦ ਹੀ ਇਕ ਨਵਾਂ ਟੀਕਾ ਪਹੁੰਚਣ ਵਾਲਾ ਹੈ। ਖ਼ਬਰਾਂ ਹਨ ਕਿ ਦਿੱਗਜ ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਦਾ ਸਿੰਗਲ ਸ਼ਾਟ ਕੋਵਿਡ-19 ਟੀਕਾ ਜੁਲਾਈ ਤੱਕ ਦੇਸ਼ ਵਿਚ ਉਪਲਬਧ ਹੋ ਸਕਦਾ ਹੈ।
ਜਾਨਸਨ ਐਂਡ ਜਾਨਸਨ ਦੇ ਕੋਰੋਨਾ ਟੀਕੇ ਦੀ ਖ਼ਰੀਦ ਨਿੱਜੀ ਖੇਤਰ ਜ਼ਰੀਏ ਹੋਵੇਗੀ। ਰਿਪੋਰਟਾਂ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਆਫ਼ ਹੈਲਥਕੇਅਰ ਪ੍ਰੋਵਾਈਡਰ (ਇੰਡੀਆ) ਜਾਨਸਨ ਐਂਡ ਜਾਨਸਨ (ਜੇ. ਐਂਡ ਜੇ.) ਤੋਂ ਸਿੱਧੇ ਤੌਰ 'ਤੇ ਟੀਕੇ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ, ਡੀਜ਼ਲ ਦਾ ਨਵਾਂ ਰਿਕਾਰਡ, ਵੱਡੇ ਖ਼ਰਚ ਲਈ ਰਹੋ ਤਿਆਰ
ਸ਼ੁਰੂਆਤ ਵਿਚ ਇਸ ਦੀਆਂ ਕੁਝ ਹਜ਼ਾਰ ਖੁਰਾਕਾਂ ਉਪਲਬਧ ਹੋਣਗੀਆਂ। ਭਾਰਤ ਵਿਚ ਇਸ ਦੀ ਕੀਮਤ 25 ਡਾਲਰ (ਲਗਭਗ 1,850 ਰੁਪਏ) ਹੋ ਸਕਦੀ ਹੈ, ਅਜਿਹੇ ਵਿਚ ਇਹ ਨਿੱਜੀ ਹਸਪਤਾਲਾਂ ਵਿਚ ਉਪਲਬਧ ਹੋ ਸਕਦੀ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਿੰਗਲ ਸ਼ਾਟ ਵੈਕਸੀਨ ਹੈ, ਯਾਨੀ ਇਸ ਦੀ ਸਿਰਫ਼ ਇਕ ਖੁਰਾਕ ਹੀ ਲੁਆਉਣੀ ਪਵੇਗੀ। ਇਸ ਸਮੇਂ ਫਿਲਹਾਲ ਦੇਸ਼ ਵਿਚ ਕੋਵੀਸ਼ੀਲਡ ਤੇ ਕੋਵੈਕਸੀਨ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਡਬਲਿਊ. ਐੱਚ. ਓ. ਦੀ ਸੰਕਟਕਾਲੀ ਵਰਤੋਂ ਸੂਚੀ (ਈ. ਯੂ. ਐੱਲ.) ਵਿਚ ਮੌਡਰੇਨਾ, ਫਾਈਜ਼ਰ, ਐਸਟ੍ਰਾਜੈਨੇਕਾ, ਜਾਨਸਨ ਐਂਡ ਜਾਨਸਨ, ਸਿਨੋਫਾਰਮ ਅਤੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਸ਼ਾਮਲ ਹਨ। ਡਬਲਿਊ. ਐੱਚ. ਓ. ਦੀ ਲਿਸਟ ਵਿਚ ਸ਼ਾਮਲ ਕੋਰੋਨਾ ਟੀਕਾ ਲੁਆ ਚੁੱਕੇ ਲੋਕਾਂ ਨੂੰ ਕਈ ਦੇਸ਼ ਆਪਣੇ ਇੱਥੇ ਆਉਣ ਲਈ ਨਿਯਮਾਂ ਵਿਚ ਵੱਖ-ਵੱਖ ਤਰ੍ਹਾਂ ਛੋਟ ਦੇ ਰਹੇ ਹਨ। ਡਬਲਿਊ. ਐੱਚ. ਓ. ਅਨੁਸਾਰ, ਜਾਨਸੇਨ ਟੀਕਾ ਹਲਕੇ ਤੋਂ ਦਰਮਿਆਨੀ ਕੋਵਿਡ-19 ਲਈ 66.3 ਫ਼ੀਸਦੀ ਅਤੇ ਗੰਭੀਰ ਸੰਕਰਮਣ ਤੋਂ ਸੁਰੱਖਿਆ ਵਿਚ 76.3 ਫ਼ੀਸਦੀ ਪ੍ਰਭਾਵੀ ਹੈ। ਇਹ ਟੀਕਾਕਰਨ ਤੋਂ 28 ਦਿਨਾਂ ਬਾਅਦ ਅਸਰ ਕਰਦੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਯਾਤਰਾ: ਇੰਝ ਕੋਰੋਨਾ ਵੈਕਸੀਨ ਸਰਟੀਫਕੇਟ ਨਾਲ ਲਿੰਕ ਕਰੋ ਪਾਸਪੋਰਟ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            