ਦੁਨੀਆ ਦੀ ''ਵੱਡੀ ਤਾਕਤ'' ਬਣ ਰਿਹਾ ਭਾਰਤ, ਪੱਛਮੀ ਦੇਸ਼ ਸੋਚ-ਵਿਚਾਰ ਕਰ ਲਗਾ ਰਹੇ ਨੇ ਸੱਟਾ: ਮਾਰਟਿਨ ਵੁਲਫ

07/20/2023 3:50:20 PM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਅਰਥਵਿਵਸਥਾ ਯਕੀਨੀ ਤੌਰ 'ਤੇ ਦੁਨੀਆ ਦੀ ਇਕ 'ਤੇਜ਼ ਸੁਪਰ ਪਾਵਰ' ਬਣਨ ਲਈ ਤਿਆਰ ਹੈ ਅਤੇ 2050 ਤੱਕ ਇਸ ਦਾ ਆਕਾਰ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਮਸ਼ਹੂਰ ਅਰਥਸ਼ਾਸਤਰੀ ਅਤੇ ਟਿੱਪਣੀਕਾਰ ਮਾਰਟਿਨ ਵੁਲਫ ਨੇ ਇਹ ਗੱਲ ਕਹੀ ਹੈ। ਵੁਲਫ ਨੇ ਇਹ ਵੀ ਕਿਹਾ ਕਿ ਪੱਛਮੀ ਦੇਸ਼ਾਂ ਦੇ ਨੇਤਾ ਸੋਚ-ਸਮਝ ਕੇ ਭਾਰਤ 'ਤੇ ਸੱਟਾ ਲਗਾ ਰਹੇ ਹਨ। ਵੁਲਕ ਨੇ ਕਿਹਾ ਕਿ, "ਮੈਂ ਮੰਨਦਾ ਹਾਂ ਕਿ ਭਾਰਤ 2050 ਤੱਕ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ (ਜੀਡੀਪੀ) 5 ਫ਼ੀਸਦੀ ਜਾਂ ਇਸ ਦੇ ਆਸਪਾਸ ਦੀ ਵਿਕਾਸ ਦਰ ਨੂੰ ਬਰਕਰਾਰ ਰੱਖ ਸਕਦਾ ਹੈ। ਬਿਹਤਰ ਨੀਤੀਆਂ ਨਾਲ ਵਿਕਾਸ ਹੋਰ ਵੀ ਉੱਚਾ ਹੋ ਸਕਦਾ ਹੈ। 

ਹਾਲਾਂਕਿ, ਇਹ ਇਸ ਤੋਂ ਕੁੱਝ ਘੱਟ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚੀਨ ਪਲੱਸ ਵਨ' ਰਣਨੀਤੀ ਅਪਣਾਉਣ ਵਾਲੀਆਂ ਕੰਪਨੀਆਂ ਲਈ ਇੱਕ ਪ੍ਰਮੁੱਖ ਮੰਜ਼ਿਲ ਹੈ। ਵੱਡੇ ਘਰੇਲੂ ਬਾਜ਼ਾਰ ਦੇ ਕਾਰਨ ਇਸ ਮਾਮਲੇ ਵਿੱਚ ਦੂਜੇ ਵਿਰੋਧੀਆਂ ਦੇ ਮੁਕਾਬਲੇ ਭਾਰਤ ਫ਼ਾਇਦੇ ਵਾਲੀ ਸਥਿਤੀ ਵਿੱਚ ਹੈ। ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਹ ਖਰੀਦ ਸ਼ਕਤੀ ਦੇ ਮਾਮਲੇ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 2050 ਤੱਕ ਦੇਸ਼ ਦੀ ਆਬਾਦੀ 1.67 ਬਿਲੀਅਨ ਤੱਕ ਪਹੁੰਚ ਜਾਵੇਗੀ। ਇਸ ਸਮੇਂ ਭਾਰਤ ਦੀ ਆਬਾਦੀ 1.43 ਅਰਬ ਹੈ। ਵੁਲਫ ਨੇ ਕਿਹਾ ਕਿ ਦੇਸ਼ ਦੇ ਬੈਂਕਾਂ ਦੀ ਬੈਲੇਂਸ ਸ਼ੀਟ 'ਚ ਸੁਧਾਰ ਹੋਇਆ ਹੈ। ਕਰਜ਼ਾ ਵਾਧਾ ਵੀ ਹੁਣ ਬਿਹਤਰ ਰੂਪ ਲੈ ਰਿਹਾ ਹੈ। 

ਉਨ੍ਹਾਂ ਲਿਖਿਆ ਕਿ ਆਉਣ ਵਾਲੇ ਦਹਾਕਿਆਂ ਵਿੱਚ ਦੇਸ਼ ਦੀ ਆਰਥਿਕਤਾ ਅਤੇ ਆਬਾਦੀ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ। ਭਾਰਤ ਦਾ ਮੁਕਾਬਲਾ ਚੀਨ ਨਾਲ ਹੋਵੇਗਾ। ਭਾਰਤ ਦੇ ਪੱਛਮੀ ਦੇਸ਼ਾਂ ਨਾਲ ਵੀ ਚੰਗੇ ਸਬੰਧ ਹਨ, ਜੋ ਕਿ ਚੰਗੀ ਗੱਲ ਹੈ। ਵੁਲਫ ਨੇ ਕਿਹਾ, ''ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵਾਸ਼ਿੰਗਟਨ 'ਚ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾਂ 'ਤੇ ਕਦੇ ਪਾਬੰਦੀ ਲਗਾਈ ਗਈ ਸੀ। ਪੈਰਿਸ ਵਿੱਚ, ਇਮੈਨੁਅਲ ਮੈਕਰੋਨ ਨੇ ਭਾਰਤੀ ਨੇਤਾ ਨੂੰ ਬਰਾਬਰ ਗਰਮਜੋਸ਼ੀ ਨਾਲ ਗਲੇ ਲਗਾਇਆ। ਇਹ ਇੱਕ ਅਜਿਹੇ ਦੇਸ਼ ਨਾਲ ਨੇੜਲੇ ਸਬੰਧਾਂ ਨੂੰ ਦਰਸਾਉਂਦਾ ਹੈ, ਜੋ ਚੀਨ ਲਈ ਇੱਕ ਸ਼ਕਤੀਸ਼ਾਲੀ ਵਿਰੋਧੀ ਸਾਬਤ ਹੋ ਸਕਦਾ ਹੈ। 

ਉਸਨੇ ਕਿਹਾ," ਕੀ ਇਹ ਪੱਛਮੀ ਸ਼ਕਤੀਆਂ ਲਈ ਇੱਕ ਚੰਗੀ ਬਾਜ਼ੀ ਹੈ? ਹਾਂ, ਯਕੀਨੀ ਤੌਰ 'ਤੇ ਭਾਰਤ ਇੱਕ ਤੇਜ਼ੀ ਨਾਲ ਉਭਰਦੀ ਸ਼ਕਤੀ ਹੈ। ਉਨ੍ਹਾਂ ਦੇ ਹਿੱਤ ਵੀ ਇਕਸਾਰ ਹਨ।” ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ 2023 ਤੋਂ 2028 ਤੱਕ ਸਾਲਾਨਾ ਆਰਥਿਕ ਵਿਕਾਸ ਦਰ 6 ਫ਼ੀਸਦੀ ਤੋਂ ਘੱਟ ਰਹਿਣ ਦਾ ਅਨੁਮਾਨ ਲਗਾਇਆ ਹੈ। ਵੁਲਫ ਨੇ ਕਿਹਾ ਕਿ ਜੇਕਰ ਵਿਸ਼ਵ ਪੱਧਰ 'ਤੇ ਜਾਂ ਘਰੇਲੂ ਪੱਧਰ 'ਤੇ ਕੋਈ ਵੱਡੇ ਝਟਕੇ ਨਾ ਲੱਗੇ ਤਾਂ ਇਹ ਵਾਧਾ ਪਿਛਲੇ ਤਿੰਨ ਦਹਾਕਿਆਂ ਦੀ ਔਸਤ ਦੇ ਬਰਾਬਰ ਹੋਵੇਗਾ। ਭਾਰਤ ਇੱਕ ਨੌਜਵਾਨ ਦੇਸ਼ ਹੈ, ਜਿਸ ਵਿੱਚ ਕਰਮਚਾਰੀਆਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ, ਉੱਚ ਬਚਤ ਦਰਾਂ ਅਤੇ ਵਧੇਰੇ ਖੁਸ਼ਹਾਲੀ ਦੀਆਂ ਵਿਆਪਕ ਸੰਭਾਵਨਾਵਾਂ ਹਨ। ਵੁਲਫ ਨੇ ਕਿਹਾ ਕਿ 2050 ਤੱਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ (ਖਰੀਦਣ ਸ਼ਕਤੀ ਸਮਾਨਤਾ ਦੇ ਆਧਾਰ 'ਤੇ) ਅੱਜ ਚੀਨ ਦੇ ਬਰਾਬਰ ਹੋ ਜਾਵੇਗੀ। 

ਵੁਲਫ ਨੇ ਇਹ ਅਨੁਮਾਨ ਭਾਰਤ ਦੀ 5 ਫ਼ੀਸਦੀ ਅਤੇ ਅਮਰੀਕਾ ਦੀ 1.4 ਫ਼ੀਸਦੀ ਦੀ ਸਾਲਾਨਾ ਵਿਕਾਸ ਦਰ ਦੇ ਆਧਾਰ 'ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਵੀ ਅਮਰੀਕਾ ਨਾਲੋਂ 4.4 ਗੁਣਾ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਇਹ ਕਲਪਨਾ ਕਰਨਾ ਮੁਸ਼ਕਲ ਨਹੀਂ ਹੈ ਕਿ 2050 ਤੱਕ ਭਾਰਤੀ ਅਰਥਵਿਵਸਥਾ ਦਾ ਆਕਾਰ ਅਮਰੀਕਾ ਦੇ ਬਰਾਬਰ ਹੋਵੇਗਾ। ਅਜਿਹੇ 'ਚ ਪੱਛਮੀ ਨੇਤਾ ਸਮਝਦਾਰੀ ਨਾਲ ਭਾਰਤ 'ਤੇ ਸੱਟਾ ਲਗਾ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਦੌਰੇ 'ਤੇ ਆਏ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਬੁੱਧਵਾਰ ਨੂੰ ਕਿਹਾ ਕਿ ਘਰੇਲੂ ਖਪਤ ਕਾਰਨ ਵਿਸ਼ਵਵਿਆਪੀ ਮੰਦੀ ਦੇ ਵਿਚਕਾਰ ਭਾਰਤੀ ਅਰਥਵਿਵਸਥਾ ਮਜ਼ਬੂਤ ​​ਹੈ। ਅਜਿਹਾ ਇਸ ਲਈ ਹੈ, ਕਿਉਂਕਿ ਭਾਰਤ ਦੀ ਜੀਡੀਪੀ ਜ਼ਿਆਦਾਤਰ ਸਥਾਨਕ ਮੰਗ 'ਤੇ ਨਿਰਭਰ ਹੈ।


rajwinder kaur

Content Editor

Related News