IPO ਬਾਜ਼ਾਰ : 2021 'ਚ ਹੁਣ ਤੱਕ 38 ਕੰਪਨੀਆਂ ਨੇ ਜੁਟਾਏ 71,800 ਕਰੋੜ ਰੁ:

Thursday, Aug 19, 2021 - 01:44 PM (IST)

ਨਵੀਂ ਦਿੱਲੀ- ਸਾਲ 2020 ਦੀ ਦੂਜੀ ਛਿਮਾਹੀ ਵਿਚ ਅਰਥਵਿਵਸਥਾ ਵਿਚ ਸ਼ੁਰੂ ਹੋਏ ਸੁਧਾਰ ਤੇ ਸੈਕੰਡਰੀ ਬਾਜ਼ਾਰ ਵਿਚ ਆਈ ਰਿਕਵਰੀ ਨਾਲ ਪ੍ਰਾਇਮਰੀ ਮਾਰਕੀਟ ਵਿਚ ਸ਼ੁਰੂ ਹੋਇਆ ਧਮਾਲ ਇਸ ਸਾਲ ਜਾਰੀ ਹੈ ਅਤੇ ਆਈ. ਪੀ. ਓ. ਜ਼ਰੀਏ ਫੰਡ ਜੁਟਾਉਣ ਦੇ ਨਜ਼ਰੀਏ ਨਾਲ ਕੰਪਨੀਆਂ ਇਹ ਸਾਲ ਸ਼ਾਨਦਾਰ ਸਾਬਤ ਹੋ ਰਿਹਾ ਹੈ।

ਇਕ ਰਿਪੋਰਟ ਮੁਤਾਬਕ, ਇਸ ਸਾਲ ਹੁਣ ਤੱਕ 38 ਕੰਪਨੀਆਂ ਨੇ ਆਈ. ਪੀ. ਓ. ਜ਼ਰੀਏ 71,833.37 ਕਰੋੜ ਰੁਪਏ ਜੁਟਾਏ ਹਨ, ਜਦੋਂ ਕਿ 2020 ਵਿਚ 16 ਕੰਪਨੀਆਂ ਦੇ ਆਈ. ਪੀ. ਓ. ਆਏ ਸਨ ਅਤੇ ਇਸ ਜ਼ਰੀਏ ਕੰਪਨੀਆਂ ਨੇ 31,128 ਕਰੋੜ ਰੁਪਏ ਜੁਟਾਏ ਹਨ।

ਤਰਲਤਾ ਦੀ ਜ਼ੋਰਦਾਰ ਉਪਲਬਧਤਾ, ਅਰਥਵਿਵਸਥਾ ਵਿਚ ਰਿਕਵਰੀ, ਕੰਪਨੀਆਂ ਦੇ ਚੰਗੇ ਨਤੀਜਿਆਂ ਅਤੇ ਸੂਬਿਆਂ ਵੱਲੋਂ ਹੌਲੀ-ਹੌਲੀ ਤਾਲਾਬੰਦੀ ਹਟਾਉਣ ਵਰਗੇ ਕਦਮਾਂ ਦੇ ਮੱਦੇਨਜ਼ਰ ਬਾਜ਼ਾਰ ਵਿਚ ਜੋਸ਼ ਦਿਸ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਅਤੇ ਆਰ. ਬੀ. ਆਈ. ਵੱਲੋਂ ਵਿਕਾਸ ਨੂੰ ਰਫ਼ਤਾਰ ਦੇਣ ਲਈ ਚੁੱਕੇ ਗਏ ਕਦਮਾਂ ਨੇ ਵੀ ਬਾਜ਼ਾਰ ਦੀ ਧਾਰਨਾ ਮਜਬੂਤ ਕੀਤੀ, ਜਿਸ ਦੇ ਮੱਦੇਨਜ਼ਰ ਸੈਕੰਡਰੀ ਮਾਰਕੀਟ ਵਿਚ ਜ਼ੋਰਦਾਰ ਤੇਜ਼ੀ ਆਈ ਅਤੇ ਇਸ ਦੇ ਦਮ 'ਤੇ ਪ੍ਰਾਇਮਰੀ ਬਾਜ਼ਾਰ ਵਿਚ ਆਈ. ਪੀ. ਓਜ਼. ਦੀ ਬਹਾਰ ਲੱਗ ਗਈ। 2021 ਦੇ ਬਾਕੀ ਹਿੱਸੇ ਵਿਚ ਵੀ 25-30 ਕੰਪਨੀਆਂ ਆਪਣਾ ਆਈ. ਪੀ. ਓ. ਲਿਆ ਸਕਦੀਆਂ ਹਨ, ਜਿਸ ਵਿਚ ਫੂਡ ਡਿਲੀਵਰੀ, ਡਿਜੀਟਲ ਸੇਵਾਵਾਂ, ਭੁਗਤਾਨ ਬੈਂਕ, ਵਿਸ਼ਲੇਸ਼ਣ, ਰਸਾਇਣਕ, ਵਪਾਰ ਤੇ ਸੇਵਾ ਪਲੇਟਫਾਰਮ ਸੈਕਟਰਾਂ ਨਾਲ ਸਬੰਧਤ ਕੰਪਨੀਆਂ ਹੋਣਗੀਆਂ।


Sanjeev

Content Editor

Related News