ਭਾਰਤੀ ਬਾਜ਼ਾਰਾਂ ਵੱਲ ਮੁੜਨ ਲੱਗੇ ਵਿਦੇਸ਼ੀ ਨਿਵੇਸ਼ਕ ! ਨਵੰਬਰ ਮਹੀਨੇ ਤੱਕ ਆਇਆ ਰਿਕਾਰਡ ਨਿਵੇਸ਼
Tuesday, Nov 17, 2026 - 05:11 PM (IST)
ਬਿਜ਼ਨੈਸ ਡੈਸਕ- ਲੰਬੇ ਸਮੇਂ ਦੀ ਵਿਕਰੀ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ 'ਚ ਜ਼ੋਰਦਾਰ ਵਾਪਸੀ ਕੀਤੀ ਹੈ। ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਿਟਰੀ (NSDL) ਦੇ ਅੰਕੜਿਆਂ ਅਨੁਸਾਰ, ਘਰੇਲੂ ਬਾਂਡਾਂ ਸਮੇਤ ਨਵੰਬਰ ਮਹੀਨੇ 'ਚ ਹੁਣ ਤੱਕ ਭਾਰਤ 'ਚ 10.33 ਬਿਲੀਅਨ ਡਾਲਰ ਦਾ ਰਿਕਾਰਡ ਵਿਦੇਸ਼ੀ ਨਿਵੇਸ਼ ਆਇਆ ਹੈ, ਜਿਸ ਨਾਲ ਸਾਲ 2026 ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਕੁੱਲ ਸ਼ੁੱਧ ਵਿਕਰੀ ਘਟ ਕੇ 21.88 ਬਿਲੀਅਨ ਡਾਲਰ ਰਹਿ ਗਈ ਹੈ, ਜੋ ਕਿ ਅਕਤੂਬਰ ਤੱਕ 31.41 ਬਿਲੀਅਨ ਡਾਲਰ ਸੀ।
ਦੱਖਣੀ ਕੋਰੀਆ ਅਤੇ ਤਾਈਵਾਨ ਵਰਗੇ AI ਬਾਜ਼ਾਰਾਂ 'ਚ ਅਸਥਿਰਤਾ ਕਾਰਨ ਨਿਵੇਸ਼ਕ ਹੁਣ ਭਾਰਤ ਵੱਲ ਮੁੜ ਰਹੇ ਹਨ। ਸਿਟੀ (Citi), HSBC ਅਤੇ ਗੋਲਡਮੈਨ ਸਾਕਸ ਵਰਗੇ ਗਲੋਬਲ ਬ੍ਰੋਕਰੇਜ ਹਾਊਸ ਭਾਰਤੀ ਬਾਜ਼ਾਰ ਨੂੰ ਲੈ ਕੇ ਕਾਫ਼ੀ ਪਾਜ਼ਟਿਵ ਹਨ।
HSBC ਅਨੁਸਾਰ ਮਜ਼ਬੂਤ ਕਰਜ਼ਾ ਵਿਕਾਸ ਤੇ ਸਥਿਰ ਕਾਰਪੋਰੇਟ ਕਮਾਈ ਭਾਰਤ ਨੂੰ ਬਿਹਤਰ ਵਿਕਲਪ ਬਣਾਉਂਦੀ ਹੈ। ਹਾਲਾਂਕਿ, ਨਿਫਟੀ 50 ਅਜੇ ਵੀ ਸਾਲਾਨਾ ਆਧਾਰ 'ਤੇ 3.2 ਫ਼ੀਸਦੀ ਹੇਠਾਂ ਹੈ ਅਤੇ ਆਪਣੇ ਏਸ਼ੀਆਈ ਹਮਰੁਤਬਾ ਦੇ ਮੁਕਾਬਲੇ ਮਹਿੰਗੇ ਮੁਲਾਂਕਣ 'ਤੇ ਕਾਰੋਬਾਰ ਕਰ ਰਿਹਾ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਕਮਾਈ ਵਿੱਚ ਵਾਧਾ ਜ਼ਰੂਰੀ ਹੋਵੇਗਾ।
