ਸਰਕਾਰ ਦਾ ਚੀਨੀ ਇੰਪੋਰਟ ''ਤੇ ਸ਼ਿਕੰਜਾ, ਮਹਿੰਗੇ ਹੋ ਸਕਦੇ ਨੇ ਫੋਨ ਤੇ ਲੈਪਟਾਪ

Tuesday, May 11, 2021 - 12:45 PM (IST)

ਨਵੀਂ ਦਿੱਲੀ- ਭਾਰਤ ਵਿਚ ਅਗਲੇ ਕੁਝ ਦਿਨਾਂ ਵਿਚ ਸਮਾਰਟ ਫੋਨ, ਟੈਬਲੇਟ ਅਤੇ ਲੈਪਟਾਪ ਦੀ ਉਪਲਬਧਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਚੀਨ ਤੋਂ ਦਰਾਮਦ ਨੂੰ ਲਗਾਤਾਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 6 ਮਹੀਨਿਆਂ ਤੋਂ ਅਮਰੀਕੀ, ਚੀਨੀ ਅਤੇ ਕੋਰੀਆਈ ਕੰਪਨੀਆਂ ਵੱਲੋਂ ਚੀਨ ਵਿਚ ਬਣੇ ਕਲਪੁਰਜ਼ਿਆਂ ਦੀ ਦਰਾਮਦ ਲਈ 80 ਅਰਜ਼ੀਆਂ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ। ਸਮਾਰਟ ਫੋਨ ਅਤੇ ਲੈਪਟਾਪ ਬਣਾਉਣ ਵਾਲੀਆਂ ਕੰਪਨੀਆਂ ਵਾਈਫਾਈ ਮਡਿਊਲ, ਬਲੂਟੁਥ ਸਪੀਕਰ, ਵਾਇਰਲੈੱਸ ਈਅਰਫੋਨ ਤੇ ਹੋਰ ਕਈ ਕਲਪੁਰਜ਼ੇ ਦਰਾਮਦ ਕਰਦੀਆਂ ਹਨ।

ਕਿਹਾ ਜਾਂਦਾ ਹੈ ਕਿ ਸਰਕਾਰ ਦਰਾਮਦ ਲਈ ਮਨਜ਼ੂਰੀ ਦੇਣ ਵਿਚ ਇਸ ਲਈ ਦੇਰੀ ਕਰ ਰਹੀ ਹੈ ਤਾਂ ਕਿ ਕੰਪਨੀਆਂ ਇਸ ਤਰ੍ਹਾਂ ਦੇ ਸਾਮਾਨਾਂ ਨੂੰ ਭਾਰਤ ਵਿਚ ਹੀ ਬਣਾਉਣ ਲੱਗਣ। ਉਦਯੋਗ ਸੂਤਰਾਂ ਅਨੁਸਾਰ, ਪਿਛਲੇ ਸਾਲ ਨਵੰਬਰ ਤੋਂ ਅਜਿਹੇ ਕਲਪੁਰਜ਼ਿਆਂ ਦੀ ਦਰਾਮਦ ਨਾਲ ਸਬੰਧਤ ਅਰਜ਼ੀਆਂ ਪੈਂਡਿੰਗ ਪਈਆਂ ਹਨ।

ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਅਮਰੀਕੀ ਕੰਪਿਊਟਰ ਨਿਰਮਾਤਾ ਕੰਪਨੀ ਡੇਲ (Dell) ਅਤੇ ਐੱਚ. ਪੀ. ਦੇ ਨਾਲ ਹੀ ਚੀਨ ਦੀਆਂ ਸਮਾਰਟ ਫੋਨ ਕੰਪਨੀਆਂ ਸ਼ਾਓਮੀ, ਓਪੋ, ਵੀਵੋ ਅਤੇ ਲੇਨੋਵੋ ਆਪਣੇ ਨਵੇਂ ਪ੍ਰਾਡਕਟ ਦੀ ਲਾਚਿੰਗ ਦੀ ਤਾਰੀਖ਼ ਅੱਗੇ ਵਧਾ ਰਹੀਆਂ ਹਨ। ਕਈ ਭਾਰਤੀ ਕੰਪਨੀਆਂ ਵੀ ਇਸ ਤਰ੍ਹਾਂ ਦੇ ਕਲਪੁਰਜ਼ਿਆਂ ਦਾ ਚੀਨ ਤੋਂ ਦਰਾਮਦ ਕਰਦੀਆਂ ਹਨ, ਉਨ੍ਹਾਂ ਦੀ ਵੀ ਮਨਜ਼ੂਰੀ ਪੈਂਡਿੰਗ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਲੈਪਟਾਪ ਅਤੇ ਫੋਨ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬੁਕਿੰਗ ਪਿੱਛੋਂ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਗੌਰਤਲਬ ਹੈ ਕਿ ਸਰਕਾਰ ਨੇ ਦੇਸ਼ ਵਿਚ ਹੀ ਸਮਾਰਟ ਫੋਨ, ਟੈਬਲੇਟ ਤੇ ਲੈਪਟਾਪ ਦੇ ਨਾਲ ਹੀ ਹੋਰ ਇਲੈਕਟ੍ਰਾਨਿਕ ਸਾਮਾਨਾਂ ਦੇ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਕਦਮ ਚੁੱਕੇ ਹਨ। ਕੰਪਨੀਆਂ ਨੂੰ ਇਸ ਲਈ ਪ੍ਰਾਡਕਸ਼ਨ ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਵੀ ਦਿੱਤਾ ਜਾ ਰਿਹਾ ਹੈ। ਇਸੇ ਵਜ੍ਹਾ ਨਾਲ ਸਰਕਾਰ ਵੱਲੋਂ ਚੀਨੀ ਦਰਾਮਦ ਲਈ ਮਨਜ਼ੂਰੀ ਵਿਚ ਦੇਰੀ ਕੀਤੀ ਜਾ ਰਹੀ ਹੈ।


Sanjeev

Content Editor

Related News