ਸਾਊਦੀ ਦੇ ਤੇਲ ਨਿਰਯਾਤ ਤੋਂ ਵੱਧ ਭਾਰਤ ਨੇ ਕਰ ਦਿੱਤਾ ਸਾਫਟਵੇਅਰ ਦਾ ਨਿਰਯਾਤ
Friday, Dec 31, 2021 - 03:43 PM (IST)
ਨਵੀਂ ਦਿੱਲੀ- ਭਾਰਤ ਦੀ ਆਈ.ਟੀ. ਇੰਡਸਟਰੀ ਸੁਨਿਹਰੀ ਦੌਰ 'ਚ ਹੈ। 2021 'ਚ ਦੁਨੀਆ ਦੇ ਸਭ ਤੋਂ ਵੱਡੇ ਕਰੂਡ ਨਿਰਯਾਤਕ ਸਾਊਦੀ ਅਰਬ ਨੇ ਜਿੰਨਾ ਕੱਚੇ ਤੇਲ ਦਾ ਨਿਰਯਾਤ ਕੀਤਾ, ਉਸ ਤੋਂ ਜ਼ਿਆਦਾ ਭਾਰਤ ਨੇ ਸਾਫਟਵੇਅਰ ਦਾ ਨਿਰਯਾਤ ਕਰ ਦਿੱਤਾ। ਸਾਲ 2022 'ਚ ਆਈ.ਟੀ. ਨਿਰਯਾਤ 'ਚ 10 ਫੀਸਦੀ ਗਰੋਥ ਦਾ ਅਨੁਮਾਨ ਹੈ।
ਭਾਰਤੀ ਰਿਜ਼ਰਵ ਬੈਂਕ ਦੇ ਇਕ ਸਰਵੇ ਮੁਤਾਬਕ 2021 'ਚ ਭਾਰਤ ਨੇ 133.7 ਅਰਬ ਡਾਲਰ 9.95 ਲੱਖ ਕਰੋੜ ਰੁਪਏ) ਦੇ ਸਾਫਟਵੇਅਰ ਸਰਵਿਸੇਜ਼ ਦਾ ਨਿਰਯਾਤ ਕੀਤਾ। ਦੂਜੇ ਪਾਸੇ ਇਸ ਮਿਆਦ 'ਚ ਸਾਊਦੀ ਅਰਬ ਨੇ 121.74 ਅਰਬ ਡਾਲਰ ਦੇ ਕੱਚੇ ਤੇਲ ਦਾ ਨਿਰਯਾਤ ਕੀਤਾ। ਅੱਜ ਦੀ ਤਾਰੀਕ 'ਚ ਭਾਰਤ ਨੇ ਸਿਰਫ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਫਟਵੇਅਰ ਨਿਰਯਾਤਕ ਹੈ, ਸਗੋਂ ਕਲਾਊਡ ਸਰਵਿਸੇਜ਼ ਦੇ ਮਾਮਲੇ 'ਚ ਪੂਰੀ ਦੁਨੀਆ 'ਚ ਇਸ ਦੀ ਰੈਂਕਿੰਗ ਤੀਜੀ ਹੈ। ਇਸ ਦੀ ਬਦੌਲਤ ਗਲੋਬਲ ਸੋਰਸਿੰਗ, ਮਾਰਕਿਟ 'ਚ ਭਾਰਤ ਦੀ ਹਿੱਸੇਦਾਰੀ 55 ਫੀਸਦੀ ਤੋਂ ਉਪਰ ਨਿਕਲ ਗਈ ਹੈ।
ਫਿਲਹਾਲ ਵਰਲਡ ਬੈਂਕ ਦਾ ਅਨੁਮਾਨ ਹੈ ਕਿ 2021-22 'ਚ ਭਾਰਤੀ ਆਈ.ਟੀ. ਅਤੇ ਸਾਫਟਵੇਅਰ ਮਾਰਕਿਟ ਦੀ ਆਮਦਨ 195 ਅਰਬ ਡਾਲਰ (ਕਰੀਬ 14.50 ਲੱਖ ਕਰੋੜ ਰੁਪਏ) ਹੋ ਜਾਵੇਗੀ। ਇਸ ਦੌਰਾਨ ਭਾਰਤ ਕਰੀਬ 150 ਅਰਬ ਡਾਲਰ (11.15 ਲੱਖ ਕਰੋੜ ਰੁਪਏ) ਦੇ ਸਾਫਟਵੇਅਰ ਸਰਵਿਸੇਜ਼ ਦਾ ਨਿਰਯਾਤ ਕਰ ਲਵੇਗਾ। ਜੇਕਰ ਭਾਰਤੀ ਆਈ.ਟੀ. ਇੰਡਸਟਰੀ ਅਨੁਮਾਨ ਦੇ ਮੁਤਾਬਕ ਵਧਦੀ ਰਹੀ ਤਾਂ ਸਾਲ 2025 ਤੱਕ ਦੇਸ਼ ਦੀ ਜੀ.ਡੀ.ਪੀ. 'ਚ ਇਸ ਦੀ ਹਿੱਸੇਦਾਰੀ 10 ਫੀਸਦੀ ਹੋ ਜਾਵੇਗੀ, ਜੋ ਅਜੇ 8 ਫੀਸਦੀ ਹੈ। ਅਗਲੇ ਇਕ ਦਹਾਕੇ ਦੇ ਅੰਦਰ ਇਹ ਸੈਕਟਰ ਕਰੀਬ 1 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦਾ ਨਜ਼ਰ ਆਵੇਗਾ।