ਬ੍ਰਾਜ਼ੀਲ ਤੇ ਮੈਕਸੀਕੋ ਤੋਂ ਕਰੂਡ ਆਇਲ ਦੀ ਦਰਾਮਦ ਵਧਾ ਸਕਦੈ ਭਾਰਤ

03/25/2019 7:15:45 PM

ਨਵੀਂ ਦਿੱਲੀ— ਭਾਰਤ ਕੱਚੇ ਤੇਲ ਦੀ ਦਰਾਮਦ ਬ੍ਰਾਜ਼ੀਲ ਤੇ ਮੈਕਸੀਕੋ ਤੋਂ ਵਧਾ ਸਕਦਾ ਹੈ ਕਿਉਂਕਿ ਵੇਨੇਜੁਏਲਾ 'ਤੇ ਅਮਰੀਕੀ ਰੋਕ ਕਾਰਨ ਉੱਥੋਂ ਭਾਰਤ ਨੂੰ ਹੋਣ ਵਾਲੀ ਤੇਲ ਦਰਾਮਦ 'ਚ ਕਮੀ ਦੀ ਪੂਰਤੀ ਕਰਨ ਦੀ ਲੋੜ ਹੈ। ਭਾਰਤ ਨੂੰ ਤੇਲ ਦੀ ਸਪਲਾਈ ਕਰਨ ਵਾਲੇ ਦੇਸ਼ਾਂ 'ਚ ਸਾਊਦੀ ਅਰਬ, ਇਰਾਕ ਤੇ ਈਰਾਨ ਤੋਂ ਬਾਅਦ ਵੇਨੇਜੁਏਲਾ ਚੌਥਾ ਸਭ ਤੋਂ ਵੱਡਾ ਤੇਲ ਸਪਲਾਈਕਰਤਾ ਹੈ।
ਵੇਨੇਜੁਏਲਾ ਤੋਂ ਭਾਰਤ ਨੇ 2017-18 'ਚ 1.8 ਕਰੋੜ ਟਨ ਤੇਲ ਦੀ ਦਰਾਮਦ ਕੀਤੀ, ਜੋ ਕਿ ਦੇਸ਼ ਦੀ ਕੁਲ ਤੇਲ ਦਰਾਮਦ ਦਾ 11 ਫੀਸਦੀ ਸੀ। ਅਮਰੀਕੀ ਰੋਕ ਤੋਂ ਬਾਅਦ ਵੇਨੇਜੁਏਲਾ ਤੋਂ ਤੇਲ ਦਰਾਮਦ 'ਤੇ ਸੰਕਟ ਛਾ ਗਿਆ ਹੈ, ਲਿਹਾਜ਼ਾ ਭਾਰਤੀ ਕੰਪਨੀਆਂ ਬਦਲਵੇਂ ਬਾਜ਼ਾਰ ਦੀ ਭਾਲ 'ਚ ਹਨ।
ਡਿਪਲੋਮੈਟਿਕ ਸੂਤਰਾਂ ਅਨੁਸਾਰ ਬ੍ਰਾਜ਼ੀਲ ਤੇ ਮੈਕਸੀਕੋ ਦੋਵਾਂ ਨੇ ਊਰਜਾ ਖੇਤਰ 'ਚ ਸਹਿਯੋਗ ਵਧਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ ਤੇ ਭਾਰਤ ਬਦਲ ਦਾ ਲੇਖਾ-ਜੋਖਾ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਨਤਕ ਤੇ ਨਿੱਜੀ ਖੇਤਰ ਦੀਆਂ ਮਾਰਕੀਟਿੰਗ ਕੰਪਨੀਆਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਇਸ 'ਤੇ ਫੈਸਲਾ ਲਿਆ ਜਾਵੇਗਾ। ਭਾਰਤ ਦੇ ਮੈਕਸੀਕੋ ਤੇ ਬ੍ਰਾਜ਼ੀਲ ਨਾਲ ਚੰਗੇ ਵਪਾਰਕ ਸਬੰਧ ਹਨ। ਬ੍ਰਾਜ਼ੀਲ ਦੁਨੀਆ ਦਾ 10ਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ, ਜਦੋਂਕਿ ਮੈਕਸੀਕੋ ਦਾ ਸਥਾਨ 11ਵਾਂ ਹੈ।
ਸੂਤਰ ਨੇ ਦੱਸਿਆ ਕਿ ਵੇਨੇਜੁਏਲਾ ਤੋਂ ਤੇਲ ਦਰਾਮਦ ਦੇ ਬਦਲ ਦੇ ਰੂਪ 'ਚ ਦੋਵੇਂ ਦੇਸ਼ ਲਾਭਦਾਇਕ ਹੋ ਸਕਦੇ ਹਨ ਪਰ ਇਨ੍ਹਾਂ ਦੇਸ਼ਾਂ ਤੋਂ ਤੇਲ ਦੀ ਦਰਾਮਦ ਵਧਾਉਣ ਦਾ ਫੈਸਲਾ ਵੇਨੇਜੁਏਲਾ ਦੇ ਮੁਕਾਬਲੇ ਇਨ੍ਹਾਂ ਦੇ ਤੇਲ ਦੀ ਗੁਣਵੱਤਾ ਤੇ ਸਪਲਾਈ ਦੀਆਂ ਸ਼ਰਤਾਂ ਦੀ ਸਮੀਖਿਆ 'ਤੇ ਨਿਰਭਰ ਕਰੇਗਾ। ਭਾਰਤ ਪਹਿਲਾਂ ਤੋਂ ਹੀ ਬ੍ਰਾਜ਼ੀਲ ਤੇ ਮੈਕਸੀਕੋ ਤੋਂ ਤੇਲ ਦੀ ਦਰਾਮਦ ਕਰਦਾ ਹੈ ਪਰ ਦਰਾਮਦ ਦਾ ਅੰਕੜਾ 2013 ਤੋਂ ਲਗਾਤਾਰ ਘਟਦਾ ਗਿਆ ਹੈ। ਭਾਰਤ 2013 'ਚ ਜਿੱਥੇ ਮੈਕਸੀਕੋ ਤੋਂ 3.50 ਅਰਬ ਡਾਲਰ ਤੇ ਬ੍ਰਾਜ਼ੀਲ ਤੋਂ 1.78 ਅਰਬ ਡਾਲਰ ਦਾ ਤੇਲ ਦਰਾਮਦ ਕਰਦਾ ਸੀ, ਉੱਥੇ ਹੁਣ ਇਹ ਘਟ ਕੇ ਕ੍ਰਮਵਾਰ 1.38 ਅਰਬ ਡਾਲਰ ਤੇ 0.81 ਅਰਬ ਡਾਲਰ ਰਹਿ ਗਿਆ ਹੈ।


satpal klair

Content Editor

Related News