ਵੱਡੀ ਖ਼ਬਰ! ਮੋਡੇਰਨਾ ਕੋਰੋਨਾ ਟੀਕੇ ਤੱਕ ਭਾਰਤ ਦੀ ਵੀ ਹੋ ਸਕਦੀ ਹੈ ਪਹੁੰਚ
Tuesday, Nov 17, 2020 - 06:33 PM (IST)
ਵਾਸ਼ਿੰਗਟਨ/ਨਵੀਂ ਦਿੱਲੀ— ਹੁਣ ਤੱਕ ਦੋ ਕੰਪਨੀਆਂ ਫਾਈਜ਼ਰ ਅਤੇ ਮੋਡੇਰਨਾ ਕਲੀਨੀਕਲ ਟ੍ਰਾਇਲ ਦੌਰਾਨ ਆਪਣੇ ਟੀਕਿਆਂ ਦੇ ਅਸਰਦਾਰ ਹੋਣ ਦੀ ਘੋਸ਼ਣਾ ਕਰ ਚੁੱਕੀਆਂ ਹਨ। ਸੋਮਵਾਰ ਨੂੰ ਮੋਡੇਰਨਾ ਨੇ ਕਿਹਾ ਕਿ ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ ਦੇ ਸ਼ੁਰੂਆਤੀ ਅੰਕੜਿਆਂ 'ਚ ਉਸ ਦਾ ਕੋਵਿਡ-19 ਟੀਕਾ 94.5 ਫ਼ੀਸਦੀ ਅਸਰਦਾਰ ਦਿਸਿਆ ਹੈ। ਕੋਰੋਨਾ ਖ਼ਿਲਾਫ ਜੰਗ 'ਚ ਇਨ੍ਹਾਂ ਦੋ ਫਰਮਾਂ ਨੇ ਵੱਡੀ ਉਮੀਦ ਖੜ੍ਹੀ ਕਰ ਦਿੱਤੀ ਹੈ।
ਫਾਈਜ਼ਰ ਟੀਕਾ ਜਿੱਥੇ ਭਾਰਤ 'ਚ ਜਲਦ ਪਹੁੰਚਣ ਦੀ ਸੰਭਾਵਨਾ ਨਹੀਂ ਹੈ, ਉੱਥੇ ਹੀ ਭਾਰਤ ਨੂੰ 'ਕੋਵੈਕਸ' ਸਹੂਲਤ ਜ਼ਰੀਏ ਮੋਡੇਰਨਾ ਦੇ ਕੋਵਿਡ-19 ਟੀਕੇ ਤੱਕ ਪਹੁੰਚ ਮਿਲ ਸਕਦੀ ਹੈ ਕਿਉਂਕਿ ਮੋਡੇਰਨਾ ਨੂੰ ਮਹਾਮਾਰੀ ਸਬੰਧੀ ਜੰਗੀ ਪੱਧਰ 'ਤੇ ਬਣੇ ਹੋਏ ਸੰਗਠਨ ਸੀ. ਈ. ਪੀ. ਆਈ. ਤੋਂ ਫੰਡ ਪ੍ਰਾਪਤ ਹੋਇਆ ਹੈ, ਜਿਸ ਦਾ ਕੋਵੈਕਸ ਵੀ ਹਿੱਸਾ ਹੈ। 'ਕੋਵੈਕਸ' ਪ੍ਰਾਜੈਕਟ 'ਚ ਭਾਰਤ ਵੀ ਸ਼ਾਮਲ ਹੈ, ਯਾਨੀ ਭਾਰਤ ਨੂੰ ਮੋਡੇਰਨਾ ਦੀਆਂ ਖ਼ੁਰਾਕਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ- FD ਦਰਾਂ 'ਤੇ ਹੁਣ ਕੇਨਰਾ ਬੈਂਕ ਨੇ ਵੀ ਚਲਾਈ ਕੈਂਚੀ, ਕੀਤੀ ਇੰਨੀ ਕਟੌਤੀ
'ਕੋਵੈਕਸ' ਪ੍ਰਾਜੈਕਟ ਦਾ ਮਕਸਦ 2021 ਦੇ ਅੰਤ ਤੱਕ ਕੋਰੋਨਾ ਵਾਇਰਸ ਦੇ ਸੰਭਾਵਤ ਟੀਕਿਆਂ ਦੀਆਂ 200 ਕਰੋੜ ਖ਼ੁਰਾਕਾਂ ਜੁਟਾਉਣਾ ਹੈ, ਤਾਂ ਜੋ ਗ਼ਰੀਬ ਅਤੇ ਦਰਮਿਆਨੇ ਆਮਦਨੀ ਵਾਲੇ ਦੇਸ਼ਾਂ ਤੱਕ ਇਨ੍ਹਾਂ ਦੀ ਆਸਾਨੀ ਨਾਲ ਪਹੁੰਚ ਹੋ ਸਕੇ। ਇਸ ਸਾਲ ਜਨਵਰੀ 'ਚ ਸੀ. ਈ. ਪੀ. ਆਈ. ਨੇ ਮੋਡੇਰਨਾ ਨੂੰ ਆਪਣੇ ਕੋਵਿਡ-19 ਮੈਸੇਂਜਰ ਆਰ. ਐੱਨ. ਏ. ਟੀਕਾ ਵਿਕਸਤ ਕਰਨ ਲਈ 10 ਲੱਖ ਡਾਲਰ ਦਿੱਤੇ ਸਨ, ਤਾਂ ਜੋ ਕੋਰੋਨਾ ਖ਼ਿਲਾਫ ਜੰਗ ਲਈ ਬਣਾਏ ਗਏ 'ਕੋਵੈਕਸ' ਪ੍ਰਾਜੈਕਟ 'ਚ ਸ਼ਾਮਲ ਦੇਸ਼ਾਂ ਨੂੰ ਵੀ ਇਹ ਅਮਰੀਕੀ ਬਾਇਓਟੈਕਨਾਲੋਜੀ ਕੰਪਨੀ ਖ਼ੁਰਾਕਾਂ ਦੀ ਸਪਲਾਈ ਕਰ ਸਕੇ। ਗੌਰਤਲਬ ਹੈ ਕਿ ਫਿਲਹਾਲ ਇਨ੍ਹਾਂ ਫਰਮਾਂ ਨੇ ਸੁਰੱਖਿਆ ਸਬੰਧੀ ਅੰਕੜੇ ਇਕੱਠੇ ਕਰਨੇ ਹਨ, ਜਿਸ ਮਗਰੋਂ ਇਨ੍ਹਾਂ ਨੂੰ ਮਨਜ਼ੂਰੀ ਲਈ ਰੈਗੂਲੇਟਰਾਂ ਕੋਲ ਬਿਨੈ ਪੱਤਰ ਦੇਣਾ ਹੋਵੇਗਾ।
ਇਹ ਵੀ ਪੜ੍ਹੋ- ਫਾਈਜ਼ਰ ਪਿੱਛੋਂ ਕੋਰੋਨਾ ਟੀਕੇ ਨੂੰ ਲੈ ਕੇ ਮੋਡੇਰਨਾ ਨੇ ਵੀ ਦਿੱਤੀ ਵੱਡੀ ਖ਼ੁਸ਼ਖ਼ਬਰੀ
ਇਸ ਤੋਂ ਇਲਾਵਾ ਮੋਡੇਰਨਾ ਦਾ ਭਾਰਤੀ ਨਿਰਮਾਤਾਵਾਂ ਨਾਲ ਕੋਈ ਕਰਾਰ ਨਹੀਂ ਹੈ ਅਤੇ ਕੰਪਨੀ ਸਭ ਤੋਂ ਪਹਿਲਾਂ ਅਮਰੀਕਾ ਸਰਕਾਰ ਨੂੰ ਹੀ ਖ਼ੁਰਾਕਾਂ ਸਪਲਾਈ ਕਰਨ ਲਈ ਵਚਨਬੱਧ ਹੈ। ਫਾਈਜ਼ਰ ਵੀ ਸਭ ਤੋਂ ਪਹਿਲਾਂ ਅਮਰੀਕਾ 'ਚ ਖ਼ੁਰਾਕਾਂ ਸਪਲਾਈ ਕਰੇਗੀ। ਹਾਲਾਂਕਿ, ਫਾਈਜ਼ਰ ਦੇ ਟੀਕੇ ਲਈ ਜਿੱਥੇ ਉੱਚ ਮਾਈਨਸ ਡਿਗਰੀ ਤਾਪਮਾਨ ਦੀ ਜ਼ਰੂਰਤ ਹੈ, ਉੱਥੇ ਹੀ ਮੋਡੇਰਨਾ ਦਾ ਟੀਕਾ ਫਰਿੱਜ ਦੇ ਤਾਪਮਾਨ 'ਚ ਸਟੋਰ ਕੀਤਾ ਜਾ ਸਕਦਾ ਹੈ।