ਕੱਚੇ ਮਾਲ ਦੀ ਕਮੀ ਨਾਲ ਖਤਰੇ ’ਚ EV ਸੈਕਟਰ, ਟੂ-ਵ੍ਹੀਲਰ ਕੰਪਨੀਆਂ ਦੇ ਮੁਨਾਫੇ ’ਤੇ ਸੱਟ
Thursday, Apr 09, 2026 - 04:09 AM (IST)
ਚੇਨਈ - ਇਲੈਕਟ੍ਰਿਕ ਟੂ-ਵ੍ਹੀਲਰ (ਈ-2-ਡਬਲਯੂ) ਉਦਯੋਗ ਦੇ ਸਾਹਮਣੇ ਇਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਗਲੋਬਲ ਪੱਧਰ ’ਤੇ ਐਲੂਮੀਨੀਅਮ ਦੀ ਕਮੀ ਅਤੇ ਵਧਦੀਆਂ ਕੀਮਤਾਂ ਨੇ ਕੰਪਨੀਆਂ ਦੇ ਲਾਗਤ ਢਾਂਚੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਉਤਪਾਦਨ ਲਾਗਤ ਵਧਣ, ਮੁਨਾਫੇ ’ਚ ਕਮੀ ਆਉਣ ਅਤੇ ਕੀਮਤਾਂ ’ਚ ਸੰਭਾਵੀ ਵਾਧੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਖਪਤਕਾਰਾਂ ਦੀ ਮੰਗ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਐਲੂਮੀਨੀਅਮ ਦੀਆਂ ਕੀਮਤਾਂ ਫਿਲਹਾਲ 3,500 ਤੋਂ 3,600 ਡਾਲਰ ਪ੍ਰਤੀ ਟਨ ਦੇ ਕਰੀਬ 4 ਸਾਲ ਦੇ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ।
ਰਿਕਾਰਡ ਵਿਕਰੀ ਤੋਂ ਬਾਅਦ ਵਧੀ ਚਿੰਤਾ
ਮਾਰਚ ’ਚ ਰਿਕਾਰਡ ਵਿਕਰੀ ਤੋਂ ਬਾਅਦ ਉਦਯੋਗ ਅਪ੍ਰੈਲ ਨੂੰ ਲੈ ਕੇ ਚੌਕਸ ਹੈ। ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀਆਂ ਹੁਣ ਇਕ ਔਖੇ ਦੌਰ ਲਈ ਤਿਆਰ ਹੋ ਰਹੀਆਂ ਹਨ ਕਿਉਂਕਿ ਕੱਚੇ ਮਾਲ ਦੀ ਕਮੀ ਉਨ੍ਹਾਂ ਦੇ ਮਾਰਜਿਨ ’ਤੇ ਦਬਾਅ ਪਾ ਸਕਦੀ ਹੈ। ਐਲੂਮੀਨੀਅਮ ਦੀ ਕਮੀ ਦੇ ਪਿੱਛੇ ਖਾੜੀ ਖੇਤਰ ’ਚ ਵਧਦੇ ਤਣਾਅ ਅਤੇ ਸਪਲਾਈ ਚੇਨ ’ਚ ਰੁਕਾਵਟਾਂ ਮੁੱਖ ਕਾਰਨ ਹਨ। ਐਮੀਰੇਟਸ ਗਲੋਬਲ ਐਲੂਮੀਨੀਅਮ ਅਤੇ ਐਲੂਮੀਨੀਅਮ ਬਹਿਰੀਨ ਵਰਗੇ ਵੱਡੇ ਸਮੈਲਟਰਾਂ ’ਤੇ ਵੀ ਇਸ ਦਾ ਅਸਰ ਪਿਆ ਹੈ। ਬਹਿਰੀਨ ਦੀ ਕੰਪਨੀ ਐਲੂਮੀਨੀਅਮ ਬਹਿਰੀਨ (ਅਲਬਾ) ਨੇ ਤਾਂ ਡਲਿਵਰੀ ’ਚ ‘ਫੋਰਸ ਮੈਜਿਓਰ’ ਐਲਾਨ ਕਰਦੇ ਹੋਏ ਉਤਪਾਦਨ ’ਚ 19 ਫੀਸਦੀ ਤੱਕ ਕਟੌਤੀ ਕਰ ਦਿੱਤੀ ਹੈ।
ਭਾਰਤ ’ਚ ਵੀ ਤੇਜ਼ੀ ਨਾਲ ਵਧੀਆਂ ਕੀਮਤਾਂ
ਭਾਰਤ ’ਚ ਵੀ ਐਲੂਮੀਨੀਅਮ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦੇਖਿਆ ਗਿਆ ਹੈ। ਫਰਵਰੀ ਦੇ ਆਖਿਰ ਤੋਂ ਹੁਣ ਤੱਕ ਕੀਮਤਾਂ 35-45 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ ਲੱਗਭਗ 358.7 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ। ਇਸ ਨਾਲ ਈ. ਵੀ. ਕੰਪਨੀਆਂ ਦੀ ਇਨਪੁਟ ਕਾਸਟ (ਲਾਗਤ) ’ਚ ਭਾਰੀ ਵਾਧਾ ਹੋਇਆ ਹੈ। ਐਲੂਮੀਨੀਅਮ ਇਲੈਕਟ੍ਰਿਕ ਵਾਹਨਾਂ ਦੇ ਡਿਜ਼ਾਈਨ ’ਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਹਲਕੇ ਵਜ਼ਨ, ਬਿਹਤਰ ਹੀਟ ਮੈਨੇਜਮੈਂਟ ਅਤੇ ਬੈਟਰੀ ਕੁਸ਼ਲਤਾ ਵਧਾਉਣ ’ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਬੈਟਰੀ ਪੈਕ, ਮੋਟਰ, ਇਨਵਰਟਰ ਅਤੇ ਹੋਰ ਪ੍ਰਮੁੱਖ ਕੰਪੋਨੈਂਟਸ ’ਚ ਹੁੰਦੀ ਹੈ। ਚੈਤੰਨਿਆ ਜਾਲਾਨ ਅਨੁਸਾਰ ਐਲੂਮੀਨੀਅਮ ਈ. ਵੀ. ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ’ਚ ਕੇਂਦਰੀ ਭੂਮਿਕਾ ਨਿਭਾਉਂਦਾ ਹੈ।
ਲਾਗਤ ਘੱਟ ਕਰਨ ਦੀ ਕੋਸ਼ਿਸ਼ ’ਚ ਕੰਪਨੀਆਂ
ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਹੁਣ ਉਤਪਾਦਨ ਅਨੁਕੂਲਨ, ਰੀਸਾਈਕਲ ਐਲੂਮੀਨੀਅਮ ਦੀ ਵੱਧ ਵਰਤੋਂ ਅਤੇ ਬਦਲਵੀਂ ਸਮੱਗਰੀਆਂ ਦੀ ਭਾਲ ਕਰ ਰਹੀਆਂ ਹਨ। ਕ੍ਰਿਸਲ ਰੇਟਿੰਗਜ਼ ਦੀ ਡਾਇਰੈਕਟਰ ਪੂਨਮ ਉਪਾਧਿਆਏ ਅਨੁਸਾਰ ਜੇਕਰ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਉਤਪਾਦਨ ’ਤੇ ਜੋਖਮ ਵਧ ਸਕਦਾ ਹੈ।
ਹੋਰਮੁਜ਼ ਬਣਿਆ ਵੱਡਾ ਫੈਕਟਰ
ਸਟ੍ਰੇਟ ਆਫ ਹੋਰਮੁਜ਼ ਤੋਂ ਸ਼ਿਪਮੈਂਟ ’ਚ ਰੁਕਾਵਟ ਵੀ ਇਕ ਵੱਡੀ ਵਜ੍ਹਾ ਹੈ। ਇਸ ਰੂਟ ਤੋਂ ਸਪਲਾਈ ਪ੍ਰਭਾਵਿਤ ਹੋਣ ਕਾਰਨ ਗਲੋਬਲ ਬਾਜ਼ਾਰ ’ਚ ਬੇਯਕੀਨੀ ਵੱਧ ਗਈ ਹੈ, ਜਿਸ ਨਾਲ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ। ਐਲੂਮੀਨੀਅਮ ਦੀ ਵਧਦੀ ਲਾਗਤ ਦੌਰਾਨ ਕੰਪਨੀਆਂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ, ਜਿਸ ਨਾਲ ਖਪਤਕਾਰਾਂ ਦੀ ਮੰਗ ਪ੍ਰਭਾਵਿਤ ਹੋ ਸਕਦੀ ਹੈ। ਇਹ ਸਥਿਤੀ ਅਜਿਹੇ ਸਮੇਂ ਆਈ ਹੈ, ਜਦੋਂ ਮਾਰਚ ’ਚ ਈ-ਟੂ-ਵ੍ਹੀਲਰ ਇੰਡਸਟਰੀ ਨੇ 1.91 ਲੱਖ ਯੂਨਿਟ ਦੀ ਰਿਕਾਰਡ ਵਿਕਰੀ ਦਰਜ ਕੀਤੀ ਸੀ।
ਅੱਗੇ ਹੋਰ ਵਧ ਸਕਦੀਆਂ ਹਨ ਮੁਸ਼ਕਿਲਾਂ
ਜੇਕਰ ਐਲੂਮੀਨੀਅਮ ਦੀ ਸਪਲਾਈ ’ਚ ਸੁਧਾਰ ਨਹੀਂ ਹੁੰਦਾ, ਤਾਂ ਈ-ਟੂ-ਵ੍ਹੀਲਰ ਉਦਯੋਗ ਲਈ ਆਉਣ ਵਾਲੇ ਮਹੀਨਿਆਂ ’ਚ ਚੁਣੌਤੀਆਂ ਹੋਰ ਵੱਧ ਸਕਦੀਆਂ ਹਨ। ਕੰਪਨੀਆਂ ਲਈ ਇਹ ਸਮਾਂ ਲਾਗਤ ਕੰਟਰੋਲ ਅਤੇ ਰਣਨੀਤਕ ਯੋਜਨਾਬੰਦੀ ਦਾ ਹੈ, ਜਦੋਂਕਿ ਖਪਤਕਾਰਾਂ ਨੂੰ ਆਉਣ ਵਾਲੇ ਸਮੇਂ ’ਚ ਮਹਿੰਗੇ ਇਲੈਕਟ੍ਰਿਕ ਵਾਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
