ਭਾਰਤ ਦੇ ਤੇਲ ਉਤਪਾਦਨ ’ਚ ਗਿਰਾਵਟ ਜਾਰੀ, ਨਵੰਬਰ ’ਚ 2 ਫੀਸਦੀ ਦੀ ਕਮੀ

Wednesday, Dec 22, 2021 - 11:05 AM (IST)

ਭਾਰਤ ਦੇ ਤੇਲ ਉਤਪਾਦਨ ’ਚ ਗਿਰਾਵਟ ਜਾਰੀ, ਨਵੰਬਰ ’ਚ 2 ਫੀਸਦੀ ਦੀ ਕਮੀ

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਕੱਚੇ ਤੇਲ ਦੇ ਉਤਪਾਦਨ ’ਚ ਗਿਰਾਵਟ ਜਾਰੀ ਹੈ ਅਤੇ ਨਵੰਬਰ 2021 ਦੌਰਾਨ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਕੁੱਲ ਉਤਪਾਦਨ ’ਚ 2 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ। ਮੰਗਲਵਾਰ ਨੂੰ ਜਾਰੀ ਅਧਿਕਾਰਕ ਅੰਕੜਿਆਂ ਮੁਤਾਬਕ ਨਵੰਬਰ ’ਚ ਕੱਚੇ ਤੇਲ ਦਾ ਉਤਪਾਦਨ 24.3 ਲੱਖ ਟਨ ਸੀ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 24.8 ਲੱਖ ਟਨ ਅਤੇ ਅਕਤੂਬਰ 2021 ’ਚ 25 ਲੱਖ ਟਨ ਸੀ। ਸਮੀਖਿਆ ਅਧੀਨ ਮਿਆਦ ’ਚ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਨੇ ਪੱਛਮੀ ਤਟੀ ਖੇਤਰਾਂ ’ਚ ਉਪਕਰਨ ਜੁਟਾਉਣ ’ਚ ਦੇਰੀ ਕਾਰਨ ਨਵੰਬਰ ’ਚ 16 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ ਜੋ ਫੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ।

ਆਇਲ ਇੰਡੀਆ ਲਿਮਟਿਡ (ਓ. ਆਈ. ਐੱਲ.) ਨੇ ਨਵੰਬਰ ’ਚ 2,41,420 ਟਨ ਕੱਚੇ ਤੇਲ ਦਾ ਉਤਪਾਦਨ ਕੀਤਾ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 2,43,200 ਟਨ ਅਤੇ ਅਕਤੂਬਰ 2021 ’ਚ 2,52,990 ਟਨ ਸੀ। ਭਾਰਤ ਕੱਚੇ ਤੇਲ ਦੀਆਂ 85 ਫੀਸਦੀ ਲੋੜਾਂ ਨੂੰ ਪੂਰਾ ਕਰਨ ਲਈ ਦਰਾਮਦ ’ਤੇ ਨਿਰਭਰ ਹੈ ਕਿਉਂਕਿ ਘਰੇਲੂ ਉਤਪਾਦਨ ਮੰਗ ਨੂੰ ਪਰਾ ਕਰਨ ਲਈ ਗੈਰ-ਲੋੜੀਂਦਾ ਹੈ।

ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ-ਅਪ੍ਰੈਲ-ਨਵੰਬਰ 2021 ਦੌਰਾਨ ਭਾਰਤ ’ਚ ਕੱਚੇ ਤੇਲ ਦਾ ਉਤਪਾਦਨ 2.74 ਫੀਸਦੀ ਡਿੱਗ ਕੇ 198.6 ਕਰੋੜ ਟਨ ਹੋ ਗਿਆ। ਇਸ ਦੌਰਾਨ ਓ. ਐੱਨ. ਜੀ. ਸੀ. ਦਾ ਉਤਪਾਦਨ 129.4 ਕਰੋੜ ਟਨ ਰਿਹਾ ਜੋ 4.18 ਫੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ। ਹਾਲਾਂਕਿ ਕੁਦਰਤੀ ਗੈਸ ਦਾ ਉਤਪਾਦਨ ਨਵੰਬਰ ’ਚ 2.86 ਅਰਬ ਘਣ ਮੀਟਰ (ਬੀ. ਸੀ. ਐੱਮ.) ਰਿਹਾ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23 ਫੀਸਦੀ ਵੱਧ ਹੈ। ਇਹ ਵਾਧਾ ਮੁੱਖ ਤੌਰ ’ਤੇ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਬੀ. ਪੀ. ਪੀ. ਐੱਲ. ਸੀ. ਵਲੋਂ ਸੰਚਾਲਿਤ ਕੇ. ਜੀ.-ਡੀ6 ਬਲਾਕ ’ਚ ਨਵੇਂ ਖੇਤਰਾਂ ਤੋਂ ਉਤਪਾਦਨ ਸ਼ੁਰੂ ਹੋਣ ਕਾਰਨ ਹੋਈ।


author

Harinder Kaur

Content Editor

Related News