ਦੁਨੀਆ ਦਾ ਸਭ ਤੋਂ ਬਿਜ਼ੀ ਏਅਰਪੋਰਟ ਬਣਿਆ ਭਾਰਤ ਦਾ IGI ਹਵਾਈ ਅੱਡਾ

Friday, Oct 28, 2022 - 01:22 PM (IST)

ਦੁਨੀਆ ਦਾ ਸਭ ਤੋਂ ਬਿਜ਼ੀ ਏਅਰਪੋਰਟ ਬਣਿਆ ਭਾਰਤ ਦਾ IGI ਹਵਾਈ ਅੱਡਾ

ਨਵੀਂ ਦਿੱਲੀ- ਦੁਨੀਆ ਦੇ 10 ਸਭ ਤੋਂ ਬਿਜ਼ੀ ਏਅਰਪੋਰਟ ਵਿਚ ਆਪਣਾ ਇਕ ਹਵਾਈ ਅੱਡਾ ਵੀ ਸ਼ਾਮਲ ਹੋ ਗਿਆ ਹੈ। ਇਹ ਹਵਾਈ ਅੱਡਾ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ. ਜੀ. ਆਈ.) ਹਵਾਈ ਅੱਡਾ ਹੈ। ਦਰਅਸਲ, ਆਈ. ਜੀ. ਆਈ. ਏਅਰਪੋਰਟ ਨੇ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਹੈ। ਬੀਤੇ ਅਕਤੂਬਰ ਵਿਚ, ਇਹ ਦੁਨੀਆ ਦੇ 10ਵੇਂ ਸਭ ਤੋਂ ਬਿਜ਼ੀ ਹਵਾਈ ਅੱਡਿਆਂ ਵਜੋਂ ਉਭਰਿਆ ਹੈ।
ਓ. ਏ. ਜੀ. ਦੀ ਰਿਪੋਰਟ ’ਚ ਆਇਆ ਇਸ ਦਾ ਨਾਂ
ਕੌਮਾਂਤਰੀ ਯਾਤਰਾ ਨਾਲ ਸਬੰਧਤ ਅੰਕੜੇ ਉਪਲੱਬਧ ਕਰਵਾਉਣ ਵਾਲੀ ਸੰਸਥਾ ਆਫੀਸ਼ੀਅਲ ਏਅਰਲਾਈਨ ਗਾਈਡ (ਓ. ਏ. ਜੀ.) ਨੇ ਆਪਣੀ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ,‘‘ਦਿੱਲੀ ਦਾ ਹਵਾਈ ਅੱਡਾ ‘ਕੋਵਿਡ-19’ ਮਹਾਮਾਰੀ ਤੋਂ ਪਹਿਲਾਂ ਯਾਨੀ ਅਕਤੂਬਰ 2019 ਵਿਚ 14ਵਾਂ ਸਭ ਤੋਂ ਬਿਜ਼ੀ ਹਵਾਈ ਅੱਡਾ ਸੀ।’’
ਦੁਨੀਆ ਦਾ ਸਭ ਤੋਂ ਬਿਜ਼ੀ ਹਵਾਈ ਅੱਡਾ ਅਟਲਾਂਟਾ
ਉਥੇ ਹਾਰਟਸਫੀਲਡ-ਜੈਕਸਨ ਦਾ ਅਟਲਾਂਟਾ ਕੌਮਾਂਤਰੀ ਹਵਾਈ ਅੱਡਾ ਸਭ ਤੋਂ ਬਿਜ਼ੀ ਹਵਾਈ ਅੱਡਾ ਰਿਹਾ ਹੈ। ਇਸ ਤੋਂ ਬਾਅਦ ਦੁਬਈ ਅਤੇ ਟੋਕੀਓ ਹਨੇਡਾ ਹਵਾਈ ਅੱਡਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹੈ। ਰਿਪੋਰਟ ਵਿਚ 6ਵੇਂ ਸਥਾਨ ’ਤੇ ਲੰਡਨ ਹੀਥਰੋ ਹਵਾਈ ਅੱਡਾ ਹੈ। ਇਸ ਤੋਂ ਬਾਅਦ 7ਵੇਂ ਸਥਾਨ ’ਤੇ ਸ਼ਿਕਾਗੋ ਓ'ਹਾਰੇ ਕੌਮਾਂਤਰੀ ਹਵਾਈ ਅੱਡਾ ਹੈ ਅਤੇ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡਾ 9ਵੇਂ ਸਥਾਨ ’ਤੇ ਹੈ।
ਰੈਂਕਿੰਗ ’ਚ ਡੋਮੈਸਟਿਕ ਅਤੇ ਇੰਟਰਨੈਸ਼ਨਲ ਉਡਾਣਾਂ ਬਣਿਆ ਆਧਾਰ
ਓ. ਏ. ਜੀ. ਦੀ ਰੈਂਕਿੰਗ ਇਸ ਸਾਲ ਅਕਤੂਬਰ ਅਤੇ ਅਕਤੂਬਰ 2019 ਵਿਚ ਨਿਰਧਾਰਿਤ ਏਅਰਲਾਈਨ ਸਮਰੱਥਾ ਦੀ ਤੁਲਨਾ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਦੁਨੀਆ ਦੇ ਚੋਟੀ ਦੇ 10 ਸਭ ਤੋਂ ਬਿਜ਼ੀ ਹਵਾਈ ਅੱਡਿਆਂ ਨੂੰ ਉਨ੍ਹਾਂ ਦੀ ਸੰਯੁਕਤ ਘਰੇਲੂ ਅਤੇ ਅੰਤਰਰਾਸ਼ਟਰੀ ਸਮਰੱਥਾ ਦੇ ਆਧਾਰ ’ਤੇ ਦਰਜਾ ਦਿੱਤਾ ਗਿਆ ਹੈ।
ਕਾਰਬਨ ਨਿਕਾਸੀ ਨੂੰ ਘਟਾਉਣ ਲਈ ਦਿੱਲੀ ਹਵਾਈ ਅੱਡੇ ’ਤੇ ਜ਼ਿਆਦਾ ਇਲੈਕਟ੍ਰਿਕ ਵਾਹਨ ਤਾਇਨਾਤ ਕਰੇਗੀ ਡਾਇਲ
ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡਾਇਲ) ਨੇ ਹਵਾਈ ਅੱਡੇ ਦੇ ਹਾਲਾਤੀ ਤੰਤਰ ’ਚ ਕਾਰਬਨ ਨਿਕਾਸੀ ਨੂੰ ਘਟਾਉਣ ਲਈ 57 ਇਲੈਕਟ੍ਰਿਕ ਵਾਹਨਾਂ (ਈ. ਵੀ.) ਨੂੰ ਤਾਇਨਾਤ ਕੀਤਾ ਹੈ। ਜਲਦ ਹੀ ਅਜਿਹੇ ਹੋਰ ਵਾਹਨਾਂ ਨੂੰ ਸੰਚਾਲਨ ’ਚ ਲਿਆਂਦਾ ਜਾਵੇਗਾ। ਡਾਇਲ ਨੇ ਇਹ ਜਾਣਕਾਰੀ ਦਿੱਤੀ। ਇਕ ਬਿਆਨ ਮੁਤਾਬਕ ਡਾਇਲ ਨੇ ਈ. ਵੀ. ਨੂੰ ਅਪਣਾਉਣ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਪੜਾਅਬੱਧ ਤਰੀਕੇ ਨਾਲ ਅਾਪਣੇ ਸਾਰੇ ਡੀਜ਼ਲ ਅਤੇ ਪੈਟਰੋਲ ਵਾਹਨਾਂ ਨੂੰ ਬਦਲਣ ਦਾ ਹੈ।
 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News