ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹਿਣ ਦਾ ਅੰਦਾਜ਼ਾ : ਵਿਸ਼ਵ ਬੈਂਕ

Tuesday, Apr 09, 2019 - 08:12 AM (IST)

ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹਿਣ ਦਾ ਅੰਦਾਜ਼ਾ : ਵਿਸ਼ਵ ਬੈਂਕ

ਵਾਸ਼ਿੰਗਟਨ— ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਦੇਸ਼ ਦੀ ਵਿਕਾਸ ਦਰ ਦੇ 7.5 ਫੀਸਦੀ ਰਹਿਣ ਦਾ ਅੰਦਾਜ਼ਾ ਜਤਾਇਆ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਨਿਵੇਸ਼ ਖਾਸ ਕਰ ਕੇ ਨਿੱਜੀ ਨਿਵੇਸ਼ 'ਚ ਮਜ਼ਬੂਤੀ ਆਉਣ, ਮੰਗ ਵਧੀਆ ਹੋਣ ਤੇ ਬਰਾਮਦ 'ਚ ਸੁਧਾਰ ਇਸ ਦੀ ਮੁੱਖ ਵਜ੍ਹਾ ਹੈ। ਇਹ ਗੱਲ ਵਿਸ਼ਵ ਬੈਂਕ ਨੇ ਇਕ ਰਿਪੋਰਟ 'ਚ ਕਹੀ ਹੈ।
ਵਿਸ਼ਵ ਬੈਂਕ ਨੇ ਦੱਖਣ ਏਸ਼ੀਆ 'ਤੇ ਜਾਰੀ ਰਿਪੋਰਟ 'ਚ ਕਿਹਾ ਕਿ ਵਿੱਤੀ ਸਾਲ 2018-19 'ਚ ਗ੍ਰਾਸ ਡੋਮੈਸਟਿਕ ਪ੍ਰੋਡਕਸ਼ਨ (ਜੀ. ਡੀ. ਪੀ.) ਵਾਧਾ ਦਰ 7.2 ਫੀਸਦੀ ਰਹੀ। ਵਿਸ਼ਵ ਬੈਂਕ ਤੇ ਕੌਮਾਂਤਰੀ ਕਰੰਸੀ ਫੰਡ ਬੈਠਕ ਤੋਂ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ ਗਈ।
ਰਿਪੋਰਟ ਅਨੁਸਾਰ ਪਹਿਲੀਆਂ ਤਿੰਨ ਤਿਮਾਹੀਆਂ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਵਾਧਾ ਵਿਆਪਕ ਰਿਹਾ ਹੈ। ਉਦਯੋਗਿਕ ਵਾਧਾ ਵਧ ਕੇ 7.9 ਫੀਸਦੀ 'ਤੇ ਆ ਗਿਆ। ਸੇਵਾ ਖੇਤਰ 'ਚ ਜੋ ਕਮੀ ਆਈ, ਇਸ ਨੇ ਉਸ ਦੀ ਭਰਪਾਈ ਕਰ ਦਿੱਤੀ। ਉਥੇ ਹੀ ਖੇਤੀਬਾੜੀ ਖੇਤਰ ਦੀ ਵਾਧਾ ਦਰ 4 ਫੀਸਦੀ 'ਤੇ ਮਜ਼ਬੂਤ ਰਹੀ।ਇਸ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਦੀ ਹਾਲਤ ਵਿੱਤੀ ਸਾਲ 2018-19 ਦੌਰਾਨ ਜ਼ਿਆਦਾਤਰ ਸਮਾਂ ਨਰਮ ਬਣੀ ਰਹੀ। ਇਸ ਦੇ ਪਿੱਛੇ ਮੁੱਖ ਵਜ੍ਹਾ ਨਿਵੇਸ਼ ਖਾਸ ਕਰ ਕੇ ਨਿੱਜੀ ਨਿਵੇਸ਼, ਬਰਾਮਦ 'ਚ ਸੁਧਾਰ, ਖਪਤ ਆਦਿ ਹੈ। ਰਿਪੋਰਟ ਮੁਤਾਬਕ ਮਜ਼ਬੂਤ ਵਾਧਾ ਤੇ ਖੁਰਾਕੀ ਕੀਮਤਾਂ 'ਚ ਆਉਣ ਵਾਲੇ ਸਮੇਂ 'ਚ ਸੁਧਾਰ ਨਾਲ ਮਹਿੰਗਾਈ 4 ਫੀਸਦੀ ਦੇ ਆਸ-ਪਾਸ ਜਾ ਸਕਦੀ ਹੈ। ਉਥੇ ਹੀ ਚਾਲੂ ਖਾਤੇ ਦਾ ਘਾਟਾ ਤੇ ਮਾਲੀਆ ਘਾਟਾ ਦੋਵਾਂ ਦੇ ਨਰਮ ਰਹਿਣ ਦੀ ਸੰਭਾਵਨਾ ਹੈ।

ਵਿਸ਼ਵ ਬੈਂਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬਾਹਰੀ ਮੋਰਚੇ 'ਤੇ ਭਾਰਤ ਦੀ ਬਰਾਮਦ 'ਚ ਸੁਧਾਰ ਤੇ ਤੇਲ ਦੇ ਮੁੱਲ 'ਚ ਨਰਮੀ ਨਾਲ ਚਾਲੂ ਖਾਤੇ ਦਾ ਘਾਟਾ ਜੀ. ਡੀ. ਪੀ. ਦਾ 1.9 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ ਅੰਤ੍ਰਿੰਗ ਮੋਰਚੇ 'ਤੇ ਏਕੀਕ੍ਰਿਤ (ਸੂਬਿਆਂ ਸਮੇਤ) ਮਾਲੀਆ ਘਾਟਾ 2019-20 ਤੇ 2020-21 'ਚ ਘਟ ਕੇ ਜੀ. ਡੀ. ਪੀ. ਦਾ ਕ੍ਰਮਵਾਰ 6.2 ਤੋਂ 6.0 ਫੀਸਦੀ ਰਹਿ ਸਕਦਾ ਹੈ। ਕੇਂਦਰ ਦਾ ਘਾਟਾ 2019-20 'ਚ ਜੀ. ਡੀ. ਪੀ. ਦਾ 3.4 ਦੇ ਪੱਧਰ 'ਤੇ ਬਣਿਆ ਰਹਿ ਸਕਦਾ ਹੈ। ਅਨੁਕੂਲਤਾ ਦਾ ਜ਼ਿੰਮਾ ਸੂਬਿਆਂ 'ਤੇ ਹੋਵੇਗਾ।
ਰਿਪੋਰਟ ਅਨੁਸਾਰ ਜੁਲਾਈ 2018 ਤੋਂ ਖੁਰਾਕੀ ਵਸਤੂਆਂ ਦੇ ਮੁੱਲ 'ਚ ਗਿਰਾਵਟ ਤੇ ਤੇਲ ਦੇ ਮੁੱਲ 'ਚ ਨਰਮੀ ਦੇ ਨਾਲ ਰੁਪਏ ਦੀ ਵਟਾਂਦਰਾ ਦਰ 'ਚ ਤੇਜ਼ੀ ਨਾਲ ਮਹਿੰਗਾਈ ਦਰ 'ਚ ਕਮੀ ਆਈ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਕੁਲ ਮਹਿੰਗਾਈ ਫਰਵਰੀ 2019 'ਚ 2.6 ਫੀਸਦੀ ਰਹੀ ਤੇ 2018-19 'ਚ ਇਹ ਔਸਤਨ 3.5 ਫੀਸਦੀ ਰਹੀ। ਇਹ ਰਿਜ਼ਰਵ ਬੈਂਕ ਦੇ 4 ਫੀਸਦੀ ਦੇ ਟੀਚੇ ਤੋਂ ਘੱਟ ਹੈ। ਇਸ ਕਾਰਨ ਕੇਂਦਰੀ ਬੈਂਕ ਨੇ ਰੇਪੋ ਦਰ 'ਚ ਕਟੌਤੀ ਕੀਤੀ।
 

ਪਾਕਿਸਤਾਨ ਦੀ ਹਾਲਤ ਹੋਰ ਹੋਵੇਗੀ ਖਸਤਾ
ਖਸਤਾਹਾਲ ਅਰਥਵਿਵਸਥਾ ਤੋਂ ਪ੍ਰੇਸ਼ਾਨ ਪਾਕਿਸਤਾਨ ਦੀ ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਵਿਖ ਰਹੀਆਂ।ਵਰਲਡ ਬੈਂਕ ਨੇ ਕਿਹਾ ਹੈ ਕਿ ਪਾਕਿਸਤਾਨੀ ਅਰਥਵਿਵਸਥਾ ਦੀ ਹਾਲਤ ਹੁਣ ਹੋਰ ਵਿਗੜੇਗੀ ਤੇ ਵਿੱਤੀ ਸਾਲ 2019-20 ਦੌਰਾਨ ਉਸ ਦੀ ਜੀ. ਡੀ. ਪੀ. 'ਚ ਵਾਧਾ ਦਰ ਡਿੱਗ ਕੇ 2.7 ਫੀਸਦੀ ਹੀ ਰਹਿ ਜਾਵੇਗੀ। ਵਰਲਡ ਬੈਂਕ ਨੇ ਇਹ ਵੀ ਯਾਦ ਕਰਵਾਇਆ ਹੈ ਕਿ ਵਿੱਤੀ ਸਾਲ 2020 'ਚ ਮਹਿੰਗਾਈ ਵਧ ਕੇ 13.5 ਫੀਸਦੀ ਤੱਕ ਪਹੁੰਚ ਸਕਦੀ ਹੈ।
ਵਰਲਡ ਬੈਂਕ ਨੇ ਕਿਹਾ ਕਿ ਵਿੱਤੀ ਸਾਲ 2018-19 'ਚ ਪਾਕਿਸਤਾਨ ਦੀ ਜੀ. ਡੀ. ਪੀ. 'ਚ ਵਾਧਾ ਸਿਰਫ 3.4 ਫੀਸਦੀ ਰਹੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੈਕਰੋ ਇਕਨਾਮਿਕ ਹਾਲਾਤ 'ਚ ਸੁਧਾਰ ਕੀਤਾ ਜਾਵੇ, ਵਿੱਤੀ ਪ੍ਰਬੰਧਨ ਤੇ ਮੁਕਾਬਲੇਬਾਜ਼ੀ 'ਚ ਸਰੰਚਨਾਤਮਕ ਸੁਧਾਰਾਂ ਨੂੰ ਲਾਗੂ ਕੀਤਾ ਜਾਵੇ ਤਾਂ ਵਿੱਤੀ ਸਾਲ 2021 'ਚ ਪਾਕਿਸਤਾਨ ਦੀ ਜੀ. ਡੀ. ਪੀ. ਦਰ ਫਿਰ ਤੋਂ 4 ਫੀਸਦੀ ਤੱਕ ਪਹੁੰਚ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਅਰਥਵਿਵਸਥਾ ਵੱਡੇ ਵਿੱਤੀ ਤੇ ਚਾਲੂ ਅਕਾਊਂਟ ਘਾਟੇ 'ਚ ਭੁਗਤਾਨ ਅਸੰਤੁਲਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਕਿਸਤਾਨ ਦੀ ਕਰੰਸੀ 'ਤੇ ਦਬਾਅ ਬਹੁਤ ਜ਼ਿਆਦਾ ਵਧ ਗਿਆ ਹੈ।


Related News