UN ਦੇ GDP ਅੰਕੜਿਆਂ ਨਾਲ ਘਟੇਗੀ ਮੋਦੀ ਸਰਕਾਰ ਦੀ ਟੈਂਸ਼ਨ? ਵੇਖੋ ਰਿਪੋਰਟ

Wednesday, May 12, 2021 - 02:41 PM (IST)

ਨਵੀਂ ਦਿੱਲੀ- ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਕੈਲੰਡਰ ਸਾਲ 2021 ਵਿਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਜਨਵਰੀ ਦੇ ਅਨੁਮਾਨ ਨਾਲੋਂ 0.2 ਫ਼ੀਸਦੀ ਵਧਾ ਕੇ 7.5 ਫ਼ੀਸਦੀ ਕਰ ਦਿੱਤਾ ਹੈ। ਹਾਲਾਂਕਿ, ਯੂ. ਐੱਨ. ਨੇ ਕਿਹਾ ਕਿ ਵਿਕਾਸ ਦੀ ਦ੍ਰਿਸ਼ਟੀ ਤੋਂ ਇਹ ਸਾਲ ਭਾਰਤ ਲਈ ਅਜੇ ਵੀ ਕਾਫ਼ੀ ਨਾਜ਼ੁਕ ਦਿਸ ਰਿਹਾ ਹੈ। ਯੂ. ਐੱਨ. ਦੀ ਵਿਸ਼ਵ ਆਰਥਿਕ ਸਥਿਤੀ ਤੇ ਸੰਭਾਵਨਾਵਾਂ ਰਿਪੋਰਟ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਵਿਚ ਵੱਧ ਰਿਹਾ ਕੋਰੋਨਾ ਸੰਕਰਮਣ ਤੇ ਟੀਕਾਕਰਨ ਦੀ ਸੁਸਤ ਰਫ਼ਤਾਰ ਵਰਲਡ ਇਕਨੋਮੀ ਦੀ ਰਿਕਵਰੀ ਲਈ ਚੁਣੌਤੀ ਪੈਦਾ ਕਰ ਰਹੇ ਹਨ।

ਰਿਪੋਰਟ ਦਾ ਕਹਿਣਾ ਹੈ ਕਿ 2022 ਵਿਚ ਭਾਰਤ ਦੀ ਜੀ. ਡੀ. ਪੀ. 10.1 ਫ਼ੀਸਦੀ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਇਸ ਦਾ ਕਹਿਣਾ ਹੈ ਕਿ ਭਾਰਤ ਖ਼ਾਸ ਕਰਕੇ ਦੂਜੀ ਲਹਿਰ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਦੇਸ਼ ਦੇ ਵੱਡੇ ਹਿੱਸਿਆਂ ਵਿਚ ਜਨ ਸਿਹਤ ਪ੍ਰਣਾਲੀ 'ਤੇ ਦਾਬਾ ਵੱਧ ਰਿਹਾ ਹੈ। ਗੌਰਤਲਬ ਹੈ ਕਿ ਭਾਰਤ ਨੇ 18 ਤੋਂ 44 ਸਾਲ ਵਿਚਕਾਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ।

ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਨੇ ਟੀਕਾ ਲਾਉਣ ਦੀ ਯੋਗਤਾ ਦਾ ਵਿਸਥਾਰ ਕੀਤਾ ਹੈ ਅਤੇ ਹਰ ਸੰਭਵ ਢੰਗ ਨਾਲ ਸਪਲਾਈ ਵਧਾ ਰਿਹਾ ਹੈ ਪਰ ਵੱਡੀ ਮੰਗ ਪੂਰੀ ਕਰਨ ਲਈ ਟੀਕਿਆਂ ਤੱਕ ਪਹੁੰਚ ਲਈ ਇਹ ਨਾਕਾਫ਼ੀ ਹੈ। ਯੂ. ਐੱਨ. ਰਿਪੋਰਟ ਮੁਤਾਬਕ, 2021 ਵਿਚ ਗਲੋਬਲ ਇਕਨੋਮੀ 5.4 ਫ਼ੀਸਦੀ ਵਧਣ ਦਾ ਅੁਨਮਾਨ ਹੈ। ਸੰਯੁਕਤ ਰਾਸ਼ਟਰ ਨੇ ਇਸ ਤੋਂ ਪਹਿਲਾਂ ਜਨਵਰੀ ਵਿਚ ਗਲੋਬਲ ਇਕਨੋਮੀ ਲਈ 4.7 ਫ਼ੀਸਦੀ ਵਿਕਾਸ ਦਾ ਅਨੁਮਾਨ ਜਤਾਇਆ ਸੀ। ਉੱਥੇ ਹੀ, ਮਹਾਮਾਰੀ ਕਾਰਨ ਕਈ ਦੇਸ਼ ਲਾਕਡਾਊਨ ਹੋਣ ਕਾਰਨ ਸਾਲ 2020 ਵਿਚ ਗਲੋਬਲ ਇਕਨੋਮੀ ਵਿਚ 3.6 ਫ਼ੀਸਦੀ ਦੀ ਤੇਜ਼ ਗਿਰਾਵਟ ਆਈ ਸੀ। 


Sanjeev

Content Editor

Related News