ਭਾਰਤ ਦੀ GDP ਦੀ ਵਾਧਾ ਦਰ ਸਕਾਰਾਤਮਕ ਹੋਣ ਦੇ ਬਿਲਕੁਲ ਨੇੜੇ : ਰਿਜ਼ਰਵ ਬੈਂਕ
Friday, Jan 22, 2021 - 09:00 AM (IST)
ਮੁੰਬਈ (ਭਾਸ਼ਾ) – ਭਾਰਤ ਦਾ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਸਕਾਰਾਤਮਕ ਵਾਧਾ ਦਰ ਹਾਸਲ ਕਰਨ ਦੇ ਕਰੀਬ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਅਨੁਮਾਨ ਲਗਾਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਵੀ-ਆਕਾਰ ਦੇ ਸੁਧਾਰ ’ਚ ‘ਵੀ’ ਤੋਂ ਉਮੀਦ ਵੈਕਸੀਨ (ਟੀਕੇ) ਤੋਂ ਹੈ। ਭਾਰਤ ਸਰਕਾਰ ਨੇ ਲੋਕਾਂ ਦਾ ਕੋਵਿਡ-19 ਮਹਾਮਾਰੀ ਤੋਂ ਬਚਾਅ ਕਰਨ ਲਈ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ 16 ਜਨਵਰੀ ਤੋਂ ਸ਼ੁਰੂ ਕੀਤਾ ਹੈ।
ਰਿਜ਼ਰਵ ਬੈਂਕ ਨੇ ਜਨਵਰੀ ਦੇ ਬੁਲੇਟਿਨ ’ਚ ‘ਅਰਥਵਿਵਸਥਾ ਦੀ ਸਥਿਤੀ’ ਉੱਤੇ ਲੇਖ ’ਚ ਕਿਹਾ ਗਿਆ ਹੈ, ‘‘2021 ਕਿਹੋ ਜਿਹਾ ਹੋਵੇਗਾ? ਸੁਧਾਰ ਦਾ ਆਕਾਰ ‘ਵੀ-ਆਕਾਰ’ ਦਾ ਹੋਵੇਗਾ। ਵੀ ਤੋਂ ਭਾਵ ਵੈਕਸੀਨ ਤੋਂ ਹੈ। ਇਨ੍ਹਾਂ ਲੇਖ ਨੂੰ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਅਤੇ ਹੋਰ ਨੇ ਲਿਖਿਆ ਹੈ। ਲੇਖ ’ਚ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ’ਚ ਭਾਰਤ ਨਾਲ ਲਾਭ ਦੀ ਸਥਿਤੀ ਸਭ ਤੋਂ ਵੱਡੀ ਟੀਕਾ ਨਿਰਮਾਣ ਸਮਰੱਥਾ ਹੈ। ਇਸ ਤੋਂ ਇਲਾਵਾ ਭਾਰਤ ਕੋਲ ਪੋਲੀਓ ਅਤੇ ਚੇਚਕ ਖਿਲਾਫ ਟੀਕਾਕਰਣ ਦਾ ਤਜ਼ਰਬ ਵੀ ਹੈ।
2020-21 ’ਚ ਭਾਰਤੀ ਅਰਥਵਿਵਸਥਾ ’ਚ 7.7 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ
ਲੇਖ ’ਚ ਕਿਹਾ ਗਿਆ ਹੈ ਕਿ ਵਿਸ਼ਾਲ ਆਰਥਿਕ ਖੇਤਰ ’ਚ ਹਾਲ ਹੀ ਦੇ ਬਦਲਾਅ ਨਾਲ ਕੁਲ ਲੈਂਡਸਕੇਪ ਚਮਕਦਾਰ ਹੋਇਆ ਹੈ ਅਤੇ ਜੀ. ਡੀ. ਪੀ. ਦੀ ਵਾਧਾ ਦਰ ਸਕਾਰਾਤਮਕ ਹੋਣ ਦੇ ਕਰੀਬ ਹੈ। ਨਾਲ ਹੀ ਮਹਿੰਗਾਈ ਵੀ ਘਟ ਕੇ ਟੀਚੇ ਦੇ ਕੋਲ ਆ ਰਹੀ ਹੈ। ਸਰਕਾਰ ਦੇ ਅਨੁਮਾਨ ਮੁਤਾਬਕ ਚਾਲੂ ਵਿੱਤੀ ਸਾਲ 2020-21 ’ਚ ਭਾਰਤੀ ਅਰਥਵਿਵਸਥਾ ’ਚ 7.7 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ-ਜੂਨ ’ਚ ਅਰਥਵਿਵਸਥਾ ’ਚ 23.9 ਫੀਸਦੀ ਦੀ ਜ਼ਬਰਦਸਤ ਗਿਰਾਵਟ ਆਈ ਸੀ। ਉਥੇ ਹੀ ਦੂਜੀ ਜੁਲਾਈ-ਸਤੰਬਰ ਦੀ ਤਿਮਾਹੀ ’ਚ ਅਰਥਵਿਵਸਥਾ 7.5 ਫੀਸਦੀ ਹੇਠਾਂ ਆਈ ਸੀ। ਲੇਖ ’ਚ ਕਿਹਾ ਗਿਆ ਹੈ ਕਿ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਹਾੜ੍ਹੀ ਦਾ ਬਿਜਾਈ ਖੇਤਰ ਆਮ ਤੋਂ ਵੱਧ ਹੋ ਗਿਆ ਹੈ। ਅਜਿਹੇ ’ਚ 2021 ’ਚ ਖੇਤੀ ਉਤਪਾਦਨ ਬੰਪਰ ਰਹਿਣ ਦੀ ਉਮੀਦ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਵੈਕਸੀਨ ਨਿਰਮਾਣ ਦੀ ਕੌਮਾਂਤਰੀ ਰਾਜਧਾਨੀ ਹੈ। ਅਜਿਹੇ ’ਚ ਕੌਮਾਂਤਰੀ ਪੱਧਰ ’ਤੇ ਟੀਕਾਕਰਣ ਸ਼ੁਰੂ ਹੋਣ ਨਾਲ ਭਾਰਤ ਦੀ ਫਾਰਮਾਸਿਊਟੀਕਲਸ ਬਰਾਮਦ ਤੇਜ਼ੀ ਨਾਲ ਵਧੇਗੀ। ਉਤਪਾਦਨ ਨਾਲ ਸਬੰਧਤ (ਪੀ. ਐੱਲ. ਆਈ.) ਯੋਜਨਾ ਦੇ ਤਹਿਤ ਖੇਤੀ ਬਰਾਮਦ ਜੁਝਾਰੂ ਸਮਰੱਥਾ ਦਿਖਾ ਰਿਹਾ ਹੈ।