ਅਕਤੂਬਰ ’ਚ ਭਾਰਤ ਦੇ ਕੱਚੇ ਇਸਪਾਤ ਦਾ ਉਤਪਾਦਨ 0.9 ਫੀਸਦੀ ਵਧਿਆ

11/26/2020 9:04:05 AM

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਕੱਚੇ ਇਸਪਾਤ ਦਾ ਉਤਪਾਦਨ ਅਕਤੂਬਰ 2020 ’ਚ 0.9 ਫੀਸਦੀ ਦੇ ਮਾਮੂਲੀ ਵਾਧੇ ਨਾਲ 90.58 ਲੱਖ ਟਨ ਹੋ ਗਿਆ। ਇਸਪਾਤ ਖੇਤਰ ਦੇ ਗਲੋਬਲ ਵਰਲਡ ਸਟੀਲ ਐਸੋਸੀਏਸ਼ਨ ਜਾਂ ਵਰਲਡ ਸਟੀਲ ਨੇ ਇਹ ਜਾਣਕਾਰੀ ਦਿੰਦੇ ਹੋਏ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਦੇਸ਼ ’ਚ 89.81 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਹੋਇਆ ਸੀ।

ਵਰਲਡ ਸਟੀਲ ਨੇ ਕਿਹਾ ਕਿ ਵਰਲਡ ਸਟੀਲ ਨੂੰ ਰਿਪੋਰਟ ਦੇਣ ਵਾਲੇ ਵਿਸ਼ਵ ਦੇ 64 ਦੇਸ਼ਾਂ ’ਚ ਕੱਚੇ ਇਸਪਾਤ ਦਾ ਉਤਪਾਦਨ ਅਕਤੂਬਰ 2020 ’ਚ 16 ਕਰੋੜ 18.90 ਲੱਖ ਟਨ ਰਿਹਾ, ਜੋ ਅਕਤੂਬਰ 2019 ’ਚ ਹੋਏ 15 ਕਰੋੜ 12.48 ਲੱਖ ਟਨ ਦੇ ਉਤਪਾਦਨ ਦੀ ਤੁਲਨਾ ’ਚ 7 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਉਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ ਜਾਰੀ ਪ੍ਰੇਸ਼ਾਨੀਆਂ ਕਾਰਣ ਇਸ ਮਹੀਨੇ ਦੇ ਕਈ ਅੰਕੜੇ ਅਨੁਮਾਨਿਤ ਹਨ, ਜਿਨ੍ਹਾਂ ਨੂੰ ਅਗਲੇ ਮਹੀਨੇ ਦੇ ਉਤਪਾਦਨ ਦੀ ਅਪਡੇਟ ਜਾਣਕਾਰੀ ਨਾਲ ਅਪਡੇਟ ਜਾਣਕਾਰੀ ਦੇ ਨਾਲ ਸੋਧਿਆ ਜਾ ਸਕਦਾ ਹੈ।

ਚੀਨ ਨੇ ਕੀਤਾ 12.7 ਫੀਸਦੀ ਦਾ ਵਾਧਾ

ਵਰਲਡ ਸਟੀਲ ਦੇ ਅੰਕੜਿਆਂ ਮੁਤਾਬਕ ਚੀਨ ਨੇ ਅਕਤੂਬਰ 2020 ਦੌਰਾਨ ਇਸਪਾਤ ਉਤਪਾਦਨ ’ਚ ਸਾਲਾਨਾ ਆਧਾਰ ’ਤੇ 12.7 ਫੀਸਦੀ ਦੇ ਵਾਧੇ ਨਾਲ 9 ਕਰੋੜ 22.02 ਲੱਖ ਟਨ ਦਾ ਉਤਪਾਦਨ ਕੀਤਾ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ’ਚ ਉਸ ਨੇ 8 ਕਰੋੜ 17.81 ਲੱਖ ਟਨ ਦਾ ਉਤਪਾਦਨ ਕੀਤਾ ਸੀ। ਅਕਤੂਬਰ 2020 ’ਚ ਅਮਰੀਕੀ ਉਤਪਾਦਨ 61.43 ਲੱਖ ਟਨ ਕੱਚੇ ਇਸਪਾਤ ਦਾ ਸੀ, ਜੋ ਅਅਕਤੂਬਰ 2019 ਦੇ 72.50 ਲੱਖ ਟਨ ਤੋਂ 15.3 ਫੀਸਦੀ ਘੱਟ ਹੈ।

ਦੱਖਣੀ ਕੋਰੀਆ ਦਾ ਇਸਪਾਤ ਉਤਪਾਦਨ 1.8 ਫੀਸਦੀ ਘਟਿਆ

ਸਮੀਖਿਆ ਅਧੀਨ ਮਹੀਨੇ ’ਚ ਦੱਖਣੀ ਕੋਰੀਆ ਦਾ ਇਸਪਾਤ ਉਤਪਾਦਨ 1.8 ਫੀਸਦੀ ਘਟ ਕੇ 58.59 ਲੱਖ ਟਨ ਰਹਿ ਗਿਆ ਜਦੋਂ ਕਿ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ ਇਹ ਉਤਪਾਦਨ 59.64 ਲੱਖ ਟਨ ਹੋਇਆ ਸੀ। ਇਸ ਮਿਆਦ ’ਚ ਜਰਮਨੀ ਦਾ ਕੱਚੇ ਇਸਪਾਤ ਦਾ ਉਤਪਾਦਨ 3.1 ਫੀਸਦੀ ਵਧ ਕੇ 34.17 ਲੱਖ ਹੋ ਗਿਆ ਜੋ ਪਿਛਲੇ ਸਾਲ ਦੀ ਸਮਾਨ ਮਿਆਦ ’ਚ 33.17 ਲੱਖ ਟਨ ਸੀ। ਵਰਲਡ ਸਟੀਲ ਨੇ ਕਿਹਾ ਕਿ ਬ੍ਰਾਜ਼ੀਲ ਨੇ ਅਕਤੂਬਰ 2020 ’ਚ 27.84 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ ਜੋ ਅਕਤੂਬਰ 2019 ਦੇ ਉਤਪਾਦਨ ਤੋਂ 3.5 ਫੀਸਦੀ ਵੱਧ ਹੈ। ਅਕਤੂਬਰ 2020 ’ਚ ਤੁਰਕੀ ਦਾ ਕੱਚੇ ਇਸਪਾਤ ਦਾ ਉਤਪਾਦਨ 32.08 ਲੱਖ ਟਨ ਸੀ ਜੋ ਪਹਿਲਾਂ ਦੇ ਮੁਕਾਬਲੇ 19.4 ਫੀਸਦੀ ਵੱਧ ਹੈ।


Harinder Kaur

Content Editor

Related News