ਇਸ ਮਹੀਨੇ ਭਰ ਦਿਓ ITR, ਨਹੀਂ ਤਾਂ 1 ਜੁਲਾਈ ਤੋਂ ਦੇਣਾ ਪਵੇਗਾ ਦੁੱਗਣਾ TDS

Sunday, Jun 06, 2021 - 05:02 PM (IST)

ਨਵੀਂ ਦਿੱਲੀ- ਸਰਕਾਰ ਨੇ ਉਨ੍ਹਾਂ ਲੋਕਾਂ ਲਈ ਨਿਯਮ ਸਖ਼ਤ ਕਰ ਦਿੱਤੇ ਹਨ ਜੋ ਜਾਣਬੁੱਝ ਕੇ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦਾਇਰ ਨਹੀਂ ਕਰਦੇ ਹਨ। ਹੁਣ ਆਈ. ਟੀ. ਆਰ. ਦਾਇਰ ਨਾ ਕਰਨ 'ਤੇ ਦੁੱਗਣਾ ਟੀ. ਡੀ. ਐੱਸ. ਦਾ ਭੁਗਤਾਨ ਕਰਨਾ ਪਵੇਗਾ। ਨਵੇਂ ਨਿਯਮਾਂ ਅਨੁਸਾਰ, ਜਿਨ੍ਹਾਂ ਨੇ ਆਈ. ਟੀ. ਆਰ. ਦਾਖ਼ਲ ਨਹੀਂ ਕੀਤੀ ਉਨ੍ਹਾਂ 'ਤੇ ਟੈਕਸ ਕੁਲੈਕਸ਼ਨ ਐਟ ਸੋਰਸ (ਟੀ. ਸੀ. ਐੱਸ.) ਵੀ ਲਾਗੂ ਹੋਵੇਗਾ। 

ਨਵੇਂ ਨਿਯਮਾਂ ਅਨੁਸਾਰ, 1 ਜੁਲਾਈ, 2021 ਤੋਂ, ਪੈਨਲਟੀ ਟੀ. ਡੀ. ਐੱਸ. ਤੇ ਟੀ. ਸੀ. ਐੱਸ. ਦਰਾਂ 10-20 ਫ਼ੀਸਦ ਹੋਣਗੀਆਂ, ਜੋ ਆਮ ਤੌਰ 'ਤੇ 5-10 ਫ਼ੀਸਦੀ ਹੁੰਦੀਆਂ ਹਨ।

ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਨਕਮ ਟੈਕਸ ਦੇ ਦਾਇਰੇ ਵਿਚ ਲਿਆਉਣ ਲਈ ਬਜਟ 2021 ਵਿਚ ਉੱਚ ਟੀ. ਡੀ. ਐੱਸ. ਤੇ ਟੀ. ਸੀ. ਐੱਸ. ਦਰਾਂ ਦਾ ਪ੍ਰਸਤਾਵ ਕੀਤਾ ਸੀ। ਇਨਕਮ ਟੈਕਸ ਰਿਟਰਨ ਦਾਖ਼ਲ ਨਾ ਕਰਨ ਵਾਲਿਆਂ ਲਈ ਉੱਚ ਦਰ 'ਤੇ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਕਟੌਤੀ ਲਈ ਇਨਕਮ ਟੈਕਸ ਐਕਟ ਵਿਚ ਨਵੀਂ ਧਾਰਾ 206-ਏਬੀ ਅਤੇ 206-ਸੀਸੀਏ ਸ਼ਾਮਲ ਕੀਤੀ ਗਈ ਹੈ। ਹੁਣ ਤੱਕ ਜ਼ਿਆਦਾ ਟੀ. ਡੀ. ਐੱਸ. ਸਿਰਫ਼ ਤਾਂ ਹੀ ਕੱਟਦਾ ਸੀ ਜੇਕਰ ਤੁਸੀਂ ਪੈਨ ਨੰਬਰ ਨਹੀਂ ਲਾਉਂਦੇ ਸੀ। ਹੁਣ ਪਿਛਲੇ ਦੋ ਸਾਲਾਂ ਦੀ ਰਿਟਰਨ ਨਾ ਭਰਨ 'ਤੇ ਦੁੱਗਣਾ ਟੀ. ਡੀ. ਐੱਸ. ਕੱਟੇਗਾ। ਨਵੇਂ ਨਿਯਮ ਮੁਤਾਬਕ, ਜਿਸ ਵਿਅਕਤੀ ਨੇ ਪਿਛਲੇ ਦੋ ਸਾਲਾਂ ਤੋਂ ਆਈ. ਟੀ. ਆਰ. ਦਾਇਰ ਨਹੀਂ ਕੀਤਾ ਹੈ ਅਤੇ ਆਈ. ਟੀ. ਆਰ. ਦਾਇਰ ਕਰਨ ਦੀ ਸਮਾਂ ਸੀਮਾ ਵੀ ਖ਼ਤਮ ਹੋ ਗਈ ਹੈ ਤਾਂ ਉਸ 'ਤੇ ਇਹ ਨਿਯਮ ਲਾਗੂ ਹੋਵੇਗਾ।


Sanjeev

Content Editor

Related News