ਡੋਨਾਲਡ ਟਰੰਪ ’ਤੇ ਹਮਲੇ ਦਾ ਅਸਰ, ​ਬਿਟਕੁਆਇਨ ’ਚ ਆਈ ਤੇਜ਼ੀ

Monday, Jul 15, 2024 - 10:22 AM (IST)

ਨਵੀਂ ਦਿੱਲੀ (ਇੰਟ.) - ਅਮਰੀਕੀ ਰਾਸ਼ਟਰਪਤੀ ਚੋਣ ’ਚ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਦੀ ਸੰਭਾਵਨਾ ਵੱਧ ਗਈ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਬਿਟਕੁਆਇਨ ਸਮੇਤ ਹੋਰ ਕ੍ਰਿਪਟੋਕਰੰਸੀਆਂ ’ਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਰਿਪੋਰਟ ਮੁਤਾਬਕ ਬਿਟਕੁਆਇਨ 60 ਹਜ਼ਾਰ ਡਾਲਰ ਦੇ ਪਾਰ ਪਹੁੰਚ ਗਿਆ ਹੈ।

ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ, ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਕੇ ਹੱਤਿਆ ਦੀ ਕੋਸ਼ਿਸ਼ ’ਤੇ ਡੋਨਾਲਡ ਟਰੰਪ ਵੱਲੋਂ ਦਿੱਤੀ ਪ੍ਰਤੀਕਿਰਿਆ ਤੋਂ ਬਾਅਦ ਬਿਟਕੁਆਇਨ 60 ਹਜ਼ਾਰ ਡਾਲਰ ਦੇ ਪਾਰ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਹੋਰ ਕ੍ਰਿਪਟੋਕਰੰਸੀਆਂ ਦੇ ਬਾਜ਼ਾਰ ਮੁੱਲ ’ਚ ਵਾਧਾ ਹੋਇਆ ਹੈ।

ਬਲੂਮਬਰਗ ਦੀ ਰਿਪੋਰਟ ਅਨੁਸਾਰ, ਟਰੰਪ ’ਤੇ ਹਮਲੇ ਤੋਂ ਬਾਅਦ ਨਿਊਯਾਰਕ ’ਚ ਸਵੇਰੇ 1.05 ਵਜੇ ਤੱਕ ਬਿਟਕੁਆਇਨ 2.7 ਫੀਸਦੀ ਵਧ ਕੇ 60,160.71 ਡਾਲਰ ਹੋ ਗਿਆ ਹੈ, ਉਥੇ ਹੀ, ਸੀ. ਐੱਨ. ਬੀ. ਸੀ. ਦੀ ਇਕ ਰਿਪੋਰਟ ਨੇ ਕੁਆਇਨ ਮਾਰਕੀਟ ਕੈਪ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾਗੇਕੁਆਇਨ, ਸੋਲਾਨਾ, ਐੱਕਸ. ਆਰ. ਪੀ. ਅਤੇ ਕੁੱਝ ਹੋਰ ਕ੍ਰਿਪਟੋਕਰੰਸੀਆਂ ’ਚ ਵੀ ਲੱਗਭੱਗ 5 ਫੀਸਦੀ ਜਾਂ ਉਸ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ।

ਬਿਟਕੁਆਇਨ ’ਚ ਵਾਧਾ ਕਿਉਂ ਹੋਇਆ?

ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਕ੍ਰਿਪਟੋ ਕਰੰਸੀ ਸਮਰਥਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਪਿਛਲੇ ਮਹੀਨੇ ਰਾਜਧਾਨੀ ਵਾਸ਼ਿੰਗਟਨ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਸੀ ਕਿ ਮੈਂ ਇਹ ਯਕੀਨੀ ਕਰਵਾਂਵਾਗਾ ਕਿ ਬਿਟਕੁਆਇਨ ਦਾ ਭਵਿੱਖ ਅਮਰੀਕਾ ’ਚ ਬਣਾਇਆ ਜਾਵੇ। ਟਰੰਪ ਦਾ ਇਹ ਰੁਖ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਕ੍ਰਿਪਟੋ ਵਿਰੋਧੀ ਰੁਖ ਦੇ ਬਿਲਕੁੱਲ ਉਲਟ ਹੈ। ਫੋਰਬਸ ਦੀ ਇਕ ਰਿਪੋਰਟ ਅਨੁਸਾਰ, ਟਰੰਪ ਨੇ ਬਿਟਕੁਆਇਨ, ਏਥੇਰੀਅਮ, ਸੋਲਾਨਾ, ਡਾਗੇਕੁਆਇਨ ਅਤੇ ਸ਼ੀਬਾ ਇਨੁ ’ਚ ਕਰੰਸੀ ’ਚ ਡੋਨੇਸ਼ਨ ਸਵੀਕਾਰ ਕਰ ਕੇ ਕ੍ਰਿਪਟੋਕਰੰਸੀ ਪ੍ਰਤੀ ਆਪਣਾ ਰੁਖ ਸਾਫ ਕਰ ਦਿੱਤਾ ਹੈ।

ਆਸਮਾਨ ਛੂਹ ਸਕਦੈ ਸੋਨਾ!

ਸਟਾਕ ਮਾਰਕੀਟ ਦੇ ਜਾਣਕਾਰਾਂ ਮੁਤਾਬਕ, ਇਸ ਘਟਨਾ ਦਾ ਅਸਰ ਬਾਜ਼ਾਰ ’ਤੇ ਵੀ ਦਿਸ ਸਕਦਾ ਹੈ । ਐਕਸਪਰਟਸ ਦਾ ਕਹਿਣਾ ਹੈ ਕਿ ਸਾਨੂੰ ਪਹਿਲੀ ਪ੍ਰਤੀਕਿਰਿਆ ਇਹ ਦੇਖਣ ਨੂੰ ਮਿਲ ਸਕਦੀ ਹੈ ਕਿ ਨਿਵੇਸ਼ਕ ਸਟਾਕ ਮਾਰਕੀਟ ਜਿਵੇਂ ਜ਼ਿਆਦਾ ਜੋਖਮ ਵਾਲੀਆਂ ਥਾਵਾਂ ਦੀ ਜਗ੍ਹਾ ਗੋਲਡ, ਅਮਰੀਕੀ ਡਾਲਰ ਅਤੇ ਅਮਰੀਕੀ ਟ੍ਰੈਜਰੀ ਵਰਗੇ ਸੁਰੱਖਿਅਤ ਠਿਕਾਣਿਆਂ ਵੱਲ ਮੁੜ ਸਕਦੇ ਹਨ। ਐਕਸਪਰਟਸ ਦਾ ਮੰਨਣਾ ​​ਹੈ ਕਿ ਇਸ ਘਟਨਾ ਨਾਲ ਅਮਰੀਕਾ ’ਚ ਅਗਲੀਆਂ ਚੋਣਾਂ ’ਚ ਡੋਨਾਲਡ ਟਰੰਪ ਦੇ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ ਅਤੇ ਇਸ ਲਈ, ਰਿਪਬਲਿਕਨ ਉਮੀਦਵਾਰ ਨਾਲ ਜੁਡ਼ੇ ਸਟਾਕ ਅਤੇ ਹੋਰ ਏਸੈੱਟਸ ਕਲਾਸ ’ਚ ਖਰੀਦਦਾਰੀ ਵੇਖੀ ਜਾ ਸਕਦੀ ਹੈ।

ਏ. ਟੀ. ਐੱਫ. ਐੱਕਸ. ਗਲੋਬਲ ਮਾਰਕੀਟਸ ਦੇ ਚੀਫ ਮਾਰਕੀਟ ਐਨਾਲਿਸਟਸ, ਨਿਕ ਟਵਿਡੇਲ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਵੇਰੇ-ਸਵੇਰੇ ਏਸ਼ੀਆਈ ਬਾਜ਼ਾਰਾਂ ’ਚ ਸੁਰੱਖਿਅਤ ਨਿਵੇਸ਼ ਵੱਲ ਪੈਸਾ ਜਾਂਦਾ ਹੋਇਆ ਦੇਖਣ ਨੂੰ ਮਿਲੇਗਾ। ਮੇਰਾ ਅਨੁਮਾਨ ਹੈ ਕਿ ਗੋਲਡ ਹੁਣ ਤੱਕ ਦੇ ਉੱਚੇ ਪੱਧਰ ਨੂੰ ਛੂਹ ਸਕਦਾ ਹੈ। ਅਸੀਂ ਯੇਨ ਅਤੇ ਡਾਲਰ ਦੀ ਖਰੀਦਦਾਰੀ ਹੁੰਦੇ ਹੋਏ ਵੀ ਵੇਖਾਂਗੇ ਅਤੇ ਟ੍ਰੈਜਰੀ ਬਾਂਡ ’ਚ ਵੀ ਨਿਵੇਸ਼ ਆਵੇਗਾ। ਅਜਿਹੇ ’ਚ ਬਾਜ਼ਾਰ ਦਾ ਧਿਆਨ ਹੁਣ ਉਨ੍ਹਾਂ ਸ਼ੇਅਰਾਂ ’ਤੇ ਚਲਾ ਜਾਵੇਗਾ, ਜੋ ਟਰੰਪ ਦੀਆਂ ਨੀਤੀਆਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਇਹ ਆਖਿਰ ’ਚ ਟ੍ਰੈਜਰੀ ਲਈ ਨੈਗੇਟਿਵ ਹੋ ਸਕਦਾ ਹੈ।

ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਨਾਲ ਇਨ੍ਹਾਂ ਏਸੈੱਟਸ ’ਤੇ ਪੈ ਸਕਦੈ ਅਸਰ

ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਨਾਲ ਜਿਨ੍ਹਾਂ ਏਸੈੱਟਸ ’ਤੇ ਅਸਰ ਪੈ ਸਕਦਾ ਹੈ, ਉਸ ’ਚ ਡਾਲਰ ਤੋਂ ਲੈ ਕੇ ਟ੍ਰੈਜਰੀ ਅਤੇ ਪ੍ਰਾਈਵੇਟ ਜੇਲ ਕੰਪਨੀਆਂ, ਕ੍ਰੈਡਿਟ-ਕਾਰਡ ਕੰਪਨੀਆਂ ਅਤੇ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਸ਼ੇਅਰ ਸ਼ਾਮਿਲ ਹਨ। ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਇੰਪੋਰਟ, ਇਮੀਗ੍ਰੇਸ਼ਨ ਅਤੇ ਟ੍ਰੇਡ ਡੈਫਿਸਿਟ ’ਤੇ ਟਰੰਪ ਦੀਆਂ ਨੀਤੀਆਂ ਨਾਲ ਮਜ਼ਬੂਤ ਹੋਵੇਗਾ, ਬਾਂਡ ਯੀਲਡ ਵਧੇਗੀ ਅਤੇ ਇਨ੍ਹਾਂ ਨਾਲ ਜੁਡ਼ੇ ਇਕਵਿਟੀ ਸੈਕਟਰਸ ਲਈ ਚੰਗਾ ਮਾਹੌਲ ਬਣੇਗਾ।

ਬੀ. ਸੀ. ਏ. ਰਿਸਰਚ ਇੰਕ ਦੇ ਚੀਫ ਸਟ੍ਰੈਟਜਿਸਟ, ਮਾਰਕੋ ਪਾਪਿਕ ਮੁਤਾਬਕ ਬਾਂਡ ਨਿਵੇਸ਼ਕਾਂ ਨੂੰ ਖਾਸ ਤੌਰ ’ਤੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਹਮਲੇ ਨਾਲ ਟਰੰਪ ਦੇ ਚੋਣ ਜਿੱਤਣ ਦੀ ਸੰਭਾਵਨਾ ਵੱਧ ਸਕਦੀ ਹੈ। ਪਾਪਿਕ ਨੇ ਲਿਖਿਆ, ਮੈਨੂੰ ਲੱਗਦਾ ਹੈ ਕਿ ਬਾਂਡ ਮਾਰਕੀਟ ਨੂੰ ਜਲਦ ਹੀ ਟਰੰਪ ਦੇ ਵ੍ਹਾਈਟ ਹਾਊਸ ਪੁੱਜਣ ਦੀ ਸੰਭਾਵਨਾ ਦਾ ਪਤਾ ਚੱਲ ਜਾਵੇਗਾ, ਜੋ ਉਨ੍ਹਾਂ ਦੇ ਕਿਸੇ ਵੀ ਵਿਰੋਧੀ ਦੀ ਤੁਲਣਾ ’ਚ ਜ਼ਿਆਦਾ ਹੈ। ਸਾਡਾ ਮੰਨਣਾ ​​ਹੈ ਕਿ ਜਿਵੇਂ-ਜਿਵੇਂ ਉਨ੍ਹਾਂ ਦੀ ਸੰਭਾਵਨਾ ਵੱਧਦੀ ਹੈ, ਬਾਂਡ ਬਾਜ਼ਾਰ ’ਚ ਭਾਰੀ ਹਫੜਾ-ਦਫੜੀ ਦੀ ਸੰਭਾਵਨਾ ਵੀ ਵੱਧ ਜਾਵੇਗੀ।


Harinder Kaur

Content Editor

Related News