ਨਵੇਂ ਸਾਲ ’ਤੇ IMF ਦੀ ਚਿਤਾਵਨੀ : ਮੰਦੀ ਦੀ ਲਪੇਟ ’ਚ ਹੋਵੇਗੀ ਇਕ ਤਿਹਾਈ ਦੁਨੀਆ, ਚੀਨ ਦਾ ਹੋਵੇਗਾ ਸਭ ਤੋਂ ਮਾੜਾ ਹਾਲ

Tuesday, Jan 03, 2023 - 10:09 AM (IST)

ਨਵੇਂ ਸਾਲ ’ਤੇ IMF ਦੀ ਚਿਤਾਵਨੀ : ਮੰਦੀ ਦੀ ਲਪੇਟ ’ਚ ਹੋਵੇਗੀ ਇਕ ਤਿਹਾਈ ਦੁਨੀਆ, ਚੀਨ ਦਾ ਹੋਵੇਗਾ ਸਭ ਤੋਂ ਮਾੜਾ ਹਾਲ

ਵਾਸ਼ਿੰਗਟਨ–ਨਵਾਂ ਸਾਲ ਆਉਂਦੇ ਹੀ ਮੰਦੀ ਦੀ ਆਹਟ ਵੀ ਤੇਜ਼ ਹੋਣ ਲੱਗੀ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟਲੀਨਾ ਜਾਰਜੀਵਾ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਇਕ ਤਿਹਾਈ ਦੁਨੀਆ ਮੰਦੀ ਦੀ ਲਪੇਟ ’ਚ ਹੋਵੇਗੀ। ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ (ਯੂ. ਐੱਸ.), ਯੂਰਪੀਅਨ ਯੂਨੀਅਨ (ਈ. ਯੂ.) ਅਤੇ ਚੀਨ ਲਈ ਇਹ ਸਾਲ ਬਹੁਤ ਮੁਸ਼ਕਲ ਰਹਿਣ ਵਾਲਾ ਹੈ। ਯੂਕ੍ਰੇਨ ਜੰਗ, ਮਹਿੰਗਾਈ, ਵਿਆਜ ਦਰਾਂ ’ਚ ਵਾਧਾ ਅਤੇ ਚੀਨ ’ਚ ਕੋਰੋਨਾ ਦੇ ਮਾਮਲੇ ’ਚ ਵਾਧੇ ਨਾਲ ਨਵਾਂ ਸਾਲ ਗਲੋਬਲ ਅਰਥਵਿਵਸਥਾ ਲਈ ਮੁਸ਼ਕਲਾਂ ਨਾਲ ਭਰਿਆ ਰਹਿ ਸਕਦਾ ਹੈ।
ਆਈ. ਐੱਮ. ਐੱਫ. ਮੁਤਾਬਕ ਸਭ ਤੋਂ ਬੁਰਾ ਹਾਲ ਚੀਨ ਦਾ ਹੋਵੇਗਾ। ਇਸ ਦਾ ਕਾਰਣ ਇਹ ਹੈ ਕਿ ਕੋਰੋਨਾ ਨੇ ਉੱਥੋਂ ਦੀਆਂ ਫੈਕਟਰੀਆਂ ’ਚ ਵੀ ਦਸਤਕ ਦਿੱਤੀ ਹੈ। ਇਸ ਨਾਲ ਦੇਸ਼ ਦੇ ਉਤਪਾਦਨ ’ਤੇ ਬੁਰਾ ਅਸਰ ਪਿਆ ਹੈ। ਇਸ ਨਾਲ ਪੂਰੀ ਦੁਨੀਆ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਅਕਤੂਬਰ ’ਚ ਆਈ. ਐੱਮ. ਐੱਫ. ਨੇ 2023 ਲਈ ਇਕਨੌਮਿਕ ਗ੍ਰੋਥ ਦੇ ਆਊਟਲੁੱਕ ’ਚ ਕਟੌਤੀ ਕੀਤੀ ਸੀ।
ਜਾਰਜੀਵਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਨਵੇਂ ਸਾਲ ’ਚ ਦੁਨੀਆ ਦੀ ਇਕ ਤਿਹਾਈ ਅਰਥਵਿਵਸਥਾ ਮੰਦੀ ਦੀ ਲਪੇਟ ’ਚ ਹੋਵੇਗੀ। ਜੋ ਦੇਸ਼ ਮੰਦੀ ਦੀ ਲਪੇਟ ’ਚ ਨਹੀਂ ਹੋਣਗੇ, ਉਹ ਵੀ ਇਸ ਦਾ ਅਸਰ ਮਹਿਸੂਸ ਕਰਨਗੇ। ਅਜਿਹੇ ਦੇਸ਼ਾਂ ’ਚ ਲੱਖਾਂ ’ਤੇ ਇਸ ਦਾ ਅਸਰ ਹੋਵੇਗਾ। ਯੂਕ੍ਰੇਨ ’ਚ ਚੱਲ ਰਹੀ ਜੰਗ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ। ਨਾਲ ਹੀ ਮਹਿੰਗਾਈ ਨੂੰ ਰੋਕਣ ਲਈ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਇਸ ਦਰਮਿਆਨ ਚੀਨ ਨੇ ਆਪਣੀ ਜ਼ੀਰੋ ਕੋਵਿਡ ਪਾਲਿਸੀ ਨੂੰ ਖਤਮ ਕਰ ਦਿੱਤਾ ਹੈ ਅਤੇ ਮੁੜ ਅਰਥਵਿਵਸਥਾ ਨੂੰ ਖੋਲ੍ਹਣਾ ਸ਼ੁਰੂ ਕਰ ਦਗਿੱਤਾ ਹੈ ਪਰ ਦੇਸ਼ ’ਚ ਕੋਰੋਨਾ ਹਾਲੇ ਕਾਬੂ ’ਚ ਨਹੀਂ ਆਇਆ ਹੈ। ਚੀਨ ਦ ਇਸ ਕਦਮ ਨਾਲ ਇਕ ਵਾਰ ਮੁੜ ਦੁਨੀਆ ਭਰ ’ਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ।
ਚੀਨ ਦੀ ਗ੍ਰੋਥ ’ਤੇ ਨਾਂਹਪੱਖੀ ਅਸਰ
ਆਈ. ਐੱਮ. ਐੱਫ. ਚੀਫ ਨੇ ਕਿਹਾ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਲਈ 2023 ਦੀ ਸ਼ੁਰੂਆਤ ਸਭ ਤੋਂ ਖਰਾਬ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਚੀਨ ਲਈ ਅਗਲੇ ਕੁੱਝ ਮਹੀਨੇ ਬੇਹੱਦ ਮੁਸ਼ਕਲ ਰਹਿਣ ਵਾਲੇ ਹਨ। ਇਸ ਦਾ ਚੀਨ ਦੀ ਗ੍ਰੋਥ ’ਤੇ ਨਾਂਹਪੱਖੀ ਅਸਰ ਹੋਵੇਗਾ। ਨਾਲ ਹੀ ਉਸ ਖੇਤਰ ਅਤੇ ਦੁਨੀਆ ’ਤੇ ਵੀ ਇਸ ਦਾ ਨਾਂਹਪੱਖੀ ਅਸਰ ਹੋਵੇਗਾ। ਹਾਲ ਹੀ ’ਚ ਆਏ ਅੰਕੜਿਆਂ ਮੁਤਾਬਕ ਸਾਲ 2022 ਦੇ ਅਖੀਰ ’ਚ ਚੀਨ ਦੀ ਅਰਥਵਿਵਸਥਾ ’ਚ ਗਿਰਾਵਟ ਆਈ ਹੈ। ਦਸੰਬਰ ਮਹੀਨੇ ਲਈ ਪੀ. ਐੱਮ. ਆਈ. (ਪਰਚੇਜਿੰਗ ਮੈਨੇਜਰਸ ਇੰਡੈਕਸ) ਵਿਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਚਾਈਨਾ ਇੰਡੈਕਸ ਅਕੈੱਡਮੀ ਮੁਤਾਬਕ ਦਸੰਬਰ ’ਚ 100 ਸ਼ਹਿਰਾਂ ’ਚ ਮਕਾਨਾਂ ਦੀ ਕੀਮਤ ’ਚ ਲਗਾਤਾਰ ਛੇਵੇਂ ਮਹੀਨੇ ਗਿਰਾਵਟ ਆਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਦੇਸ਼ ਨਵੇਂ ਦੌਰ ’ਚ ਐਂਟਰੀ ਕਰ ਰਿਹਾ ਹੈ। ਅਜਿਹੇ ’ਚ ਦੇਸ਼ ’ਚ ਯਤਨਾਂ ਅਤੇ ਇਕਜੁੱਟਤ ਦੀ ਲੋੜ ਹੈ।
ਸਿੱਧੇ ਤੌਰ ’ਤੇ ਭਾਰਤ ਬਾਰੇ ਨਹੀਂ ਜਤਾਇਆ ਕੋਈ ਅਨੁਮਾਨ
ਆਈ. ਐੱਮ. ਐੱਫ. ਇਕ ਕੌਮਾਂਤਰੀ ਸੰਗਠਨ ਹੈ, ਜਿਸ ਦੇ 190 ਮੈਂਬਰ ਦੇਸ਼ ਹਨ। ਇਸ ਸੰਸਥਾ ਦਾ ਕੰਮ ਦੁਨੀਆ ਦੀ ਅਰਥਵਿਵਸਥਾ ’ਚ ਸਥਿਰਤਾ ਲਿਆਉਣਾ ਹੈ। ਇਹ ਦੁਨੀਆ ਦੀ ਅਰਥਵਿਵਸਥਾ ਬਾਰੇ ਅਨੁਮਾਨ ਪ੍ਰਗਟਾਉਂਦਾ ਹੈ। ਜਾਰਜੀਵਾ ਨੇ ਸਿੱਧੇ ਤੌਰ ’ਤੇ ਭਾਰਤ ਬਾਰੇ ਕੋਈ ਅਨੁਮਾਨ ਨਹੀਂ ਜਤਾਇਆ ਪਰ ਕਿਹਾ ਕਿ ਸਾਰੇ ਦੇਸ਼ਾਂ ’ਚ ਮੰਦੀ ਦਾ ਅਸਰ ਦਿਖਾਈ ਦੇਵੇਗਾ। ਜਦੋਂ ਕਿਸੇ ਅਰਥਵਿਵਸਥਾ ’ਚ ਲਗਾਤਾਰ ਦੋ ਤਿਮਾਹੀਆਂ ’ਚ ਜੀ. ਡੀ. ਪੀ. ਗ੍ਰੋਥ ਘਟਦੀ ਹੈ ਤਾਂ ਉਸ ਨੂੰ ਤਕਨੀਕੀ ਤੌਰ ’ਤੇ ਮੰਦੀ ਕਿਹਾ ਜਾਂਦਾ ਹੈ। ਇਸ ਸਥਿਤੀ ’ਚ ਮਹਿੰਗਾਈ ਅਤੇ ਬੇਰੋਜ਼ਗਾਰੀ ਤੇਜ਼ੀ ਨਾਲ ਵਧਦੀ ਹੈ। ਲੋਕਾਂ ਦੀ ਆਮਦਨ ਘਟਣ ਲਗਦੀ ਹੈ ਅਤੇ ਸ਼ੇਅਰ ਮਾਰਕੀਟ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾਂਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News