ICICI ਲੋਮਬਾਰਡ ਤੇ ਭਾਰਤੀ AXA ਜਨਰਲ ਇੰਸ਼ੋਰੈਂਸ ਨੂੰ ਲੈ ਕੇ ਵੱਡੀ ਖ਼ਬਰ
Saturday, Aug 22, 2020 - 02:11 PM (IST)

ਨਵੀਂ ਦਿੱਲੀ— ਜਨਰਲ ਇੰਸ਼ੋਰੈਂਸ ਸੈਕਟਰ 'ਚ ਇਕ ਵੱਡੀ ਕੰਪਨੀ ਬਣਨ ਜਾ ਰਹੀ ਹੈ। ICICI ਲੋਮਬਾਰਡ ਅਤੇ ਭਾਰਤੀ ਐਕਸਾ ਦੇ ਜਨਰਲ ਇੰਸ਼ੋਰੈਂਸ ਬਿਜ਼ਨੈੱਸ ਦਾ ਜਲਦ ਹੀ ਰਲੇਵਾਂ ਹੋਣ ਜਾ ਰਿਹਾ ਹੈ। ਸ਼ਨੀਵਾਰ ਨੂੰ ਆਈ. ਸੀ. ਆਈ. ਸੀ. ਆਈ. ਲੋਮਬਾਰਡ ਅਤੇ ਭਾਰਤੀ ਐਕਸਾ ਨੇ ਕਿਹਾ ਕਿ ਉਹ ਆਪਣੇ ਜਨਰਲ ਇੰਸ਼ੋਰੈਂਸ ਕਾਰੋਬਾਰ ਨੂੰ ਇਕੱਠਾ ਕਰਨ ਜਾ ਰਹੇ ਹਨ। ਦੋਹਾਂ ਕੰਪਨੀਆਂ ਦਾ ਰਲੇਵਾਂ ਸ਼ੇਅਰ ਟਰਾਂਸਫਰ ਸਮਝੌਤੇ ਤਹਿਤ ਹੋਵੇਗਾ।
ਕਿਹਾ ਜਾ ਰਿਹਾ ਹੈ ਕਿ ਇਸ ਡੀਲ ਦੇ ਫਾਈਨਲ ਹੋ ਜਾਣ ਤੋਂ ਬਾਅਦ ਇਹ ਭਾਰਤ ਦੀ ਤੀਜੀ ਸਭ ਤੋਂ ਵੱਡੀ ਜਨਰਲ ਇੰਸ਼ੋਰੈਂਸ ਕੰਪਨੀ ਬਣ ਜਾਵੇਗੀ।
ਸ਼ੁੱਕਰਵਾਰ ਨੂੰ ਹੋਈ ਜਨਰਲ ਬੋਰਡ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਕਿ ਆਈ. ਸੀ. ਆਈ. ਸੀ. ਆਈ. ਲੋਮਬਾਰਡ ਅਤੇ ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਦੀ ਖਰੀਦ ਕਰੇਗੀ। ਬੋਰਡ ਵੱਲੋਂ ਸਕੀਮ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਭਾਰਤੀ ਐਕਸਾ ਨਾਨ-ਲਾਈਫ ਇੰਸ਼ੋਰੈਂਸ ਬਿਜ਼ਨੈੱਸ ਤੋਂ ਵੱਖ ਹੋ ਜਾਵੇਗਾ ਅਤੇ ਇਸ ਦਾ ਆਈ. ਸੀ. ਆਈ. ਸੀ. ਆਈ. ਲੋਮਬਾਰਡ 'ਚ ਰਲੇਵਾਂ ਹੋ ਜਾਵੇਗਾ।
ਹਾਲਾਂਕਿ, ਭਾਰਤੀ ਐਕਸਾ ਦਾ ਲਾਈਫ ਇੰਸ਼ੋਰੈਂਸ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚਲਦਾ ਰਹੇਗਾ। ਆਈ. ਸੀ. ਆਈ. ਸੀ. ਆਈ. ਲੋਮਬਾਰਡ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ 51.89 ਫੀਸਦੀ ਹਿੱਸੇਦਾਰੀ ਹੈ। ਇਸ ਡੀਲ ਦੇ ਪੂਰਾ ਹੋਣ ਤੋਂ ਬਾਅਦ ਆਈ. ਸੀ. ਆਈ. ਸੀ. ਆਈ. ਬੈਂਕ ਦੀ ਕੰਪਨੀ 'ਚ ਹਿੱਸੇਦਾਰੀ ਘੱਟ ਕੇ 48.11 ਫੀਸਦੀ ਰਹਿ ਜਾਵੇਗੀ।