ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ

Tuesday, Nov 10, 2020 - 06:29 PM (IST)

ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ

ਨਵੀਂ ਦਿੱਲੀ — ਆਈ.ਸੀ.ਆਈ.ਸੀ.ਆਈ. ਬੈਂਕ (ICICI Bank) ਦੇ ਗਾਹਕਾਂ ਦੀ ਖੁਸ਼ੀ ਦਾ ਇਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਕਰਜ਼ੇ ਦੀ ਮੁਆਫੀ ਦੀ ਮਿਆਦ(ਮੋਰੇਟੋਰੀਅਮ) ਦੇ ਦੌਰਾਨ ਜਮ੍ਹਾ ਹੋਈਆਂ ਈ.ਐਮ.ਆਈਜ਼. 'ਤੇ ਕੈਸ਼ਬੈਕ ਮਿਲਣ ਦਾ ਬੈਂਕ ਤੋਂ ਈਮੇਲ (ਈ-ਮੇਲ) ਮਿਲਿਆ। ਪਰ ਜਿਵੇਂ ਹੀ ਉਨ੍ਹਾਂ ਨੂੰ ਇਸ ਈ-ਮੇਲ ਦੀ ਅਸਲੀਅਤ ਪਤਾ ਲੱਗੀ, ਉਨ੍ਹਾਂ ਦੀ ਖੁਸ਼ੀ ਵੀ ਉਸੇ ਸਮੇਂ ਗਾਇਬ ਹੋ ਗਈ। ਦਰਅਸਲ ਆਈ.ਸੀ.ਆਈ.ਸੀ.ਆਈ. ਬੈਂਕ ਨੇ ਇੱਕ ਤਕਨੀਕੀ ਗਲਤੀ ਕਾਰਨ ਆਪਣੇ ਗਾਹਕਾਂ ਨੂੰ ਇੱਕ ਗਲਤ ਈਮੇਲ ਭੇਜ ਦਿੱਤਾ ਸੀ। ਇਸ ਵਿਚ ਲੋਨ ਮੋਟਰੋਰੀਅਮ ਕੈਸ਼ਬੈਕ ਦੀ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿਚ ਜਮ੍ਹਾਂ ਰਾਸ਼ੀ ਤੋਂ ਕਿਤੇ ਵੱਧ ਸੀ। ਜਿਵੇਂ ਹੀ ਬੈਂਕ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ, ਬੈਂਕ ਨੇ ਆਪਣੀ ਗ਼ਲਤੀ ਨੂੰ ਸੁਧਾਰ ਲਿਆ ਅਤੇ ਗਾਹਕਾਂ ਨੂੰ ਨਵੀਂ ਈਮੇਲ ਭੇਜ ਦਿੱਤੀ।

ਦਰਅਸਲ ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ ਵਿਚ 19.45 ਰੁਪਏ ਦਾ ਕਰੈਡਿਟ ਹੋਣਾ ਸੀ, ਉਨ੍ਹਾਂ ਨੂੰ 1945 ਰੁਪਏ ਜਮ੍ਹਾ ਕਰਨ ਦੀ ਈਮੇਲ ਮਿਲੀ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਦੇ ਖਾਤੇ ਵਿਚ 315 ਰੁਪਏ ਦਾ ਕ੍ਰੈਡਿਟ ਹੋਣਾ ਸੀ ਉਨ੍ਹਾਂ ਨੂੰ 3150 ਰੁਪਏ ਕ੍ਰੈਡਿਟ ਦਾ ਈਮੇਲ ਮਿਲਿਆ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ 9565 ਰੁਪਏ ਦੇ ਕ੍ਰੈਡਿਟ ਦਾ ਈਮੇਲ ਮਿਲਿਆ, ਅਸਲ ਵਿਚ ਉਨ੍ਹਾਂ ਦੇ ਖਾਤੇ ਵਿਚ ਸਿਰਫ 95.65 ਰੁਪਏ ਆਣੇ ਸਨ। ਪਹਿਲੀ ਵਾਰ ਤਾਂ ਆਈ.ਸੀ.ਆਈ.ਸੀ.ਆਈ. ਬੈਂਕ ਤੋਂ ਕਰਜ਼ਾ ਲੈਣ ਵਾਲੇ ਇਸ ਈਮੇਲ ਨੂੰ ਵੇਖ ਕੇ ਖੁਸ਼ ਹੋ ਗਏ ਸਨ।

ਬੈਂਕ ਨੇ ਖ਼ਾਤਾਧਾਰਕਾਂ ਤੋਂ ਮੰਗੀ ਮੁਆਫੀ 

ਜਿਵੇਂ ਹੀ ਬੈਂਕ ਨੂੰ ਇਸ ਤਕਨੀਕੀ ਗਲਤੀ ਬਾਰੇ ਪਤਾ ਲੱਗਿਆ, ਬੈਂਕ ਨੇ ਆਪਣੇ ਸਾਰੇ ਖ਼ਾਤਾਧਾਰਕਾਂ ਤੋਂ ਮੁਆਫੀ ਮੰਗੀ ਅਤੇ ਕ੍ਰੈਡਿਟ ਦੀ ਸਹੀ ਰਕਮ ਬਾਰੇ ਈਮੇਲ ਭੇਜਣਾ ਸ਼ੁਰੂ ਕਰ ਦਿੱਤਾ। ਬੈਂਕ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਕਰਜ਼ਦਾਰਾਂ ਦੇ ਬੈਂਕ ਖ਼ਾਤੇ ਵਿਚ ਲਾਕ ਡਾਉਨ ਪੀਰੀਅਡ ਭਾਵ 1 ਮਾਰਚ ਤੋਂ 31 ਅਗਸਤ ਵਿਚਕਾਰ ਈ.ਐਮ.ਆਈ. ਮਿਸ ਨਾ ਕਰਨ ਵਾਲੇ ਅਤੇ ਲੋਨ ਮੋਰੇਟੋਰੀਅਮ ਸਕੀਮ(moratorium scheme) ਦਾ ਫਾਇਦਾ ਨਾ ਉਠਾਉਣ ਵਾਲੇ ਕਰਜ਼ਦਾਰਾਂ ਦੇ ਖ਼ਾਤੇ ਵਿਚ ਬੈਂਕਾਂ ਨੇ ਕੈਸ਼ਬੈਕ ਦੀ ਰਕਮ ਟਰਾਂਸਫਰ ਕਰ ਦਿੱਤੀ ਹੈ। ਹੁਣ ਖ਼ਾਤਾਧਾਰਕਾਂ ਨੂੰ ਇਕ ਈਮੇਲ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ 8 ਕਿਸਮਾਂ ਦੇ ਕਰਜ਼ਿਆਂ 'ਤੇ ਮਿਲੇਗਾ ਲਾਭ 

ਵਿੱਤ ਮੰਤਰਾਲੇ ਦੇ ਅਨੁਸਾਰ ਵਿਆਜ ਮੁਆਫੀ ਸਕੀਮ ਤਹਿਤ ਕੇਂਦਰ ਸਰਕਾਰ 'ਤੇ ਲਗਭਗ 7,000 ਕਰੋੜ ਰੁਪਏ ਦਾ ਬੋਝ ਵਧੇਗਾ। ਇਸ ਯੋਜਨਾ ਦੇ ਤਹਿਤ ਅੱਠ ਸ਼੍ਰੇਣੀ ਦੇ ਲੋਨ ਅਰਥਾਤ ਐਮ.ਐਸ.ਐਮ.ਈ. ਕਰਜ਼ੇ, ਸਿੱਖਿਆ ਲੋਨ, ਹੋਮ ਲੋਨ, ਖਪਤਕਾਰ ਟਿਕਾਊ ਲੋਨ, ਕ੍ਰੈਡਿਟ ਕਾਰਡ ਦੇ ਬਕਾਏ, ਨਿੱਜੀ ਅਤੇ ਪੇਸ਼ੇਵਰ ਲੋਨ, ਖਪਤ ਕਰਜ਼ੇ ਅਤੇ ਆਟੋ ਲੋਨ ਲੈਣ ਵਾਲੇ ਲੋਕ ਲਾਭ ਲੈਣਗੇ। ਹਾਲਾਂਕਿ ਖੇਤੀਬਾੜੀ ਕਰਜ਼ਿਆਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।


author

Harinder Kaur

Content Editor

Related News