ICICI ਬੈਂਕ ਨੇ ਕਰਜ਼ੇ ’ਤੇ ਵਿਆਜ ਦਰ 0.15 ਫੀਸਦੀ ਵਧਾਈ

Tuesday, Aug 02, 2022 - 03:45 PM (IST)

ICICI ਬੈਂਕ ਨੇ ਕਰਜ਼ੇ ’ਤੇ ਵਿਆਜ ਦਰ 0.15 ਫੀਸਦੀ ਵਧਾਈ

ਨਵੀਂ ਦਿੱਲੀ (ਭਾਸ਼ਾ) – ਆਈ. ਸੀ. ਆਈ. ਸੀ. ਆਈ. ਬੈਂਕ ਨੇ ਸੋਮਵਾਰ ਨੂੰ ਕਰਜ਼ੇ ’ਤੇ ਲੱਗਣ ਵਾਲੀ ਵਿਆਜ ਦਰ 0.15 ਫੀਸਦੀ ਵਧਾ ਦਿੱਤੀ। ਭਾਰਤੀ ਰਿਜ਼ਰਵ ਬੈਂਕ ਦੇ ਇਸ ਹਫਤੇ ਨੀਤੀਗਤ ਦਰ ’ਚ ਵਾਧੇ ਦੀ ਸੰਭਾਵਨਾ ਨਾਲ ਬੈਂਕਾਂ ਨੇ ਇਹ ਵਾਧਾ ਸਾਰੇ ਮਿਆਦੀ ਕਰਜ਼ਿਆਂ ’ਤੇ ਕੀਤਾ ਹੈ। ਨਿੱਜੀ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ ਐੱਮ. ਸੀ. ਐੱਲ. ਆਰ. 0.15 ਫੀਸਦੀ ਵਧਾ ਕੇ 7.90 ਫੀਸਦੀ ਕਰ ਦਿੱਤੀ ਗਈ ਹੈ। ਉੱਥੇ ਹੀ ਇਕ ਦਿਨ ਦੀ ਮਿਆਦ ਦੀ ਵਿਆਜ ਦਰ 7.65 ਫੀਸਦੀ ਹੋਵੇਗੀ।

ਪ੍ਰਚੂਨ ਕਰਜ਼ੇ ਦੇ ਲਿਹਾਜ ਨਾਲ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨੂੰ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਰਿਹਾਇਸ਼ੀ ਲੋਨ ਵਰਗੇ ਬੈਂਕ ਦੇ ਲੰਮੀ ਮਿਆਦ ਦੇ ਕਰਜ਼ੇ ਇਸੇ ਨਾਲ ਸਬੰਧਤ ਹੁੰਦੇ ਹਨ। ਬੈਂਕ ਨੇ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਇਸ ਹਫਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਅਜਿਹੀ ਸੰਭਾਵਨਾ ਹੈ ਕਿ ਐੱਮ. ਪੀ.ਸੀ. ਮਹਿੰਗਾਈ ’ਤੇ ਰੋਕ ਲਗਾਉਣ ਲਈ ਨੀਤੀਗਤ ਦਰ ਰੇਪੋ ’ਚ ਵਾਧਾ ਕਰੇਗੀ। ਇਸ ਤੋਂ ਪਹਿਲਾਂ ਰਿਹਾਇਸ਼ੀ ਲੋਨ ਦੇਣ ਵਾਲੀ ਐੱਚ. ਡੀ. ਐੱਫ. ਸੀ. ਲਿਮ. ਨੇ ਵਿਆਜ ਦਰ 0.25 ਫੀਸਦੀ ਵਧਾਈ ਸੀ। ਇੰਡੀਆਬੁਲਸ ਹਾਊਸਿੰਗ ਫਾਈਨਾਂਸ ਲਿਮ. ਨੇ ਵੀ ਰਿਹਾਇਸ਼ੀ ਲੋਨ ਅਤੇ ਐੱਮ. ਐੱਸ. ਐੱਮ. ਈ. (ਸੂਖਮ, ਲਘੁ ਅਤੇ ਦਰਮਿਆਨੇ ਉੱਦਮ) ਕਰਜ਼ੇ ’ਤੇ ਵਿਆਜ ਦਰ 0.25 ਫੀਸਦੀ ਵਧਾਈ ਸੀ। ਬੈਂਕ ਦੀਆਂ ਨਵੀਆਂ ਦਰਾਂ ਗਾਹਕਾਂ ਲਈ ਇਕ ਅਗਸਤ ਤੋਂ ਅਤੇ ਮੌਜੂਦਾ ਕਰਜ਼ਦਾਰਾਂ ਲਈ ਪੰਜ ਅਗਸਤ ਤੋਂ ਲਾਗੂ ਹੋਣਗੀਆਂ।


author

Harinder Kaur

Content Editor

Related News