ਟਿਕਟਾਕ 'ਤੇ ਰੋਕ ਨਾਲ ਚੀਨੀ ਕੰਪਨੀ ਨੂੰ ਹੋਵੇਗਾ ਇੰਨਾ ਭਾਰੀ ਨੁਕਸਾਨ

07/04/2020 12:21:56 AM

ਬੀਜਿੰਗ— ਵੀਡੀਓ ਸੋਸ਼ਲ ਮੀਡੀਆ ਐਪ ਟਿਕਟਾਕ 'ਤੇ ਮਾਲਕਾਨਾ ਹੱਕ ਰੱਖਣ ਵਾਲੀ ਚੀਨ ਦੀ ਬਾਈਟਡਾਂਸ ਲਿਮਟਿਡ ਨੂੰ ਭਾਰਤ 'ਚ ਉਸ ਦੇ ਤਿੰਨ ਐਪ 'ਤੇ ਰੋਕ ਲੱਗਣ ਨਾਲ 600 ਕਰੋੜ ਡਾਲਰ ਯਾਨੀ 45 ਹਜ਼ਾਰ ਕਰੋਡ਼ ਰੁਪਏ ਤੱਕ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਬਾਈਟਡਾਂਸ ਦੇ ਟਿਕਟਾਕ ਤੋਂ ਇਲਾਵਾ ਦੋ ਹੋਰ ਐਪ ਵੀਗੋ ਅਤੇ ਹੈਲੋ ਹਨ।

ਚੀਨ ਦੀ ਸਰਕਾਰੀ ਮੀਡੀਆ ਕੰਪਨੀ ਦਿ ਗਲੋਬਲ ਟਾਈਮਜ਼ ਨੇ ਬਾਈਟਡਾਂਸ ਦੇ ਇਕ ਉਚ ਪ੍ਰਬੰਧਕੀ ਅਧਿਕਾਰੀ ਦੇ ਹਵਾਲੇ ਨਾਲ ਇਹ ਖਬਰ ਪਬਲਿਸ਼ ਕੀਤੀ ਹੈ। ਗਲੋਬਲ ਟਾਈਮਜ਼ ਨੇ ਕਿਹਾ ਕਿ ਇਸ ਕਦਮ ਨਾਲ ਚੀਨੀ ਨਿਵੇਸ਼ਕਾਂ ਅਤੇ ਵਪਾਰੀਆਂ ਦੇ ਵਿਸ਼ਵਾਸ ਨੂੰ ਭਾਰੀ ਸੱਟ ਲੱਗੀ ਹੈ। 

ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਮੋਬਾਇਲ ਐਪ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਸੈਂਸਰ ਟੂਇਰ ਦੇ ਅੰਕੜਿਆਂ ਅਨੁਸਾਰ, ਟਿਕਟਾਕ ਨੂੰ ਮਈ 'ਚ 11.2 ਕਰੋੜ ਵਾਰ ਡਾਉਨਲੋਡ ਕੀਤਾ ਗਿਆ ਸੀ ਅਤੇ ਜਿਨ੍ਹਾਂ ਲੋਕਾਂ ਨੇ ਭਾਰਤ 'ਚ ਐਪ ਡਾਊਨਲੋਡ ਕੀਤਾ ਸੀ, ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਇੱਥੋਂ ਤੱਕ ਕਿ ਅਮਰੀਕਾ 'ਚ ਡਾਊਨਲੋਡ ਕੀਤੇ ਗਏ ਤੋਂ ਵੀ ਦੁੱਗਣੀ।

ਗੌਰਤਲਬ ਹੈ ਕਿ ਭਾਰਤ ਸਰਕਾਰ ਨੇ ਸੋਮਵਾਰ ਨੂੰ ਚੀਨ ਦੀਆਂ ਕੁੱਲ 59 ਐਪਸ 'ਤੇ ਰੋਕ ਲਾ ਦਿੱਤੀ ਸੀ। ਇਸ 'ਚ ਟਿਕਟਾਕ, ਵੀਗੋ ਵੀਡੀਓ, ਹੈਲੋ, ਯੂਸੀ ਬ੍ਰਾਊਜ਼ਰ, ਯੂਸੀ ਨਿਊਜ਼, ਵੀਚੈਟ ਅਤੇ ਸ਼ੇਅਰਇਟ ਵਰਗੇ ਚਰਚਿਤ ਐਪ ਸ਼ਾਮਲ ਹਨ। ਭਾਰਤ ਸਰਕਾਰ ਨੇ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਅਤੇ ਡਾਟਾ ਸੁਰੱਖਿਆ ਨੂੰ ਖਤਰਾ ਦੱਸਦੇ ਹੋਏ ਇਨ੍ਹਾਂ ਐਪਸ ਨੂੰ ਬੰਦ ਕੀਤਾ ਹੈ। ਸਰਕਾਰ ਦੇ ਇਸ ਕਦਮ ਨੂੰ ਗਲਵਾਨ ਘਾਟੀ 'ਚ ਭਾਰਤ-ਚੀਨ ਵਿਚਕਾਰ ਹੋਏ ਹਿੰਸਕ ਸੰਘਰਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਸੰਘਰਸ਼ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਬਾਈਟਡਾਂਸ ਚੀਨ ਦੀ ਉਭਰਦੀ ਤਕਨੀਕੀ ਕੰਪਨੀ ਹੈ। ਡਾਟਾ ਸੁਰੱਖਿਆ ਦੀ ਵਜ੍ਹਾ ਨਾਲ ਭਾਰਤ ਤੋਂ ਇਲਾਵਾ ਇਸ ਨੂੰ ਹੋਰ ਦੇਸ਼ਾਂ 'ਚ ਵੀ ਸਥਾਨਕ ਸਰਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਦੇ ਇਸ ਕਦਮ ਨਾਲ ਟਿਕਟਾਕ ਦੇ ਗਲੋਬਲ ਵਿਸਥਾਰ ਨੂੰ ਇਕ ਵੱਡਾ ਝਟਕਾ ਲੱਗੇਗਾ।


Sanjeev

Content Editor

Related News