USA ਵਿਚ Huawei ਦੇ ਕਈ ਵਰਕਰਾਂ 'ਤੇ ਲਟਕੀ ਛਾਂਟੀ ਦੀ ਤਲਵਾਰ

07/14/2019 2:37:01 PM

ਵਾਸ਼ਿੰਗਟਨ—  ਯੂ. ਐੱਸ. 'ਚ ਬਲੈਕਲਿਸਟਿੰਗ ਦਾ ਸਾਹਮਣਾ ਕਰ ਰਹੀ ਹੁਵਾਈ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਆਪਣੇ ਅਮਰੀਕੀ ਓਪਰੇਸ਼ਨ 'ਚ ਭਾਰੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ, ਹੁਵਾਈ ਯੂ. ਐੱਸ. 'ਚ ਸਥਿਤ ਫਿਊਚਰਵੇਈ ਤਕਨਾਲੋਜੀਜ਼ 'ਚ ਕਈ ਵਰਕਰਾਂ ਦੀ ਛੁੱਟੀ ਕਰਨ ਜਾ ਰਹੀ ਹੈ। ਵਾਸ਼ਿੰਗਟਨ, ਕੈਲੀਫੋਰੀਨੀਆ ਤੇ ਟੈਕਸਾਸ 'ਚ ਸਥਿਤ ਇਸ ਦੇ ਰਿਸਰਚ ਯੂਨਿਟਾਂ 'ਚ ਤਕਰੀਬਨ 850 ਲੋਕ ਕੰਮ ਕਰਦੇ ਹਨ। ਹਾਲਾਂਕਿ ਕਿੰਨੇ ਲੋਕਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਇਸ ਦੀ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਛਾਂਟੀ ਸੈਂਕੜਿਆਂ 'ਚ ਹੋ ਸਕਦੀ ਹੈ।

 

 


ਜਾਣਕਾਰੀ ਮੁਤਾਬਕ, ਯੂ. ਐੱਸ. 'ਚ ਹੁਵਾਈ ਦੇ ਕੁਝ ਚੀਨੀ ਕਰਮਚਾਰੀਆਂ ਨੂੰ ਘਰ ਵਾਪਸ ਪਰਤਣ ਤੇ ਕੰਪਨੀ ਨਾਲ ਬਣੇ ਰਹਿਣ ਦਾ ਬਦਲ ਦਿੱਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਵਰਕਰਾਂ ਨੂੰ ਪਹਿਲਾਂ ਹੀ ਉਨ੍ਹਾਂ ਦੀ ਛੁੱਟੀ ਬਾਰੇ ਸੂਚਤ ਕੀਤਾ ਜਾ ਚੁੱਕਾ ਹੈ, ਜਦੋਂ ਕਿ ਹੋਰਾਂ ਦੀ ਛਾਂਟੀ ਦੀ ਘੋਸ਼ਣਾ ਜਲਦ ਕੀਤੀ ਜਾ ਸਕਦੀ ਹੈ।

ਬਲੈਕ ਲਿਸਟ 'ਚ ਹੋਣ ਕਾਰਨ ਹੁਵਾਈ ਲਈ ਅਮਰੀਕੀ ਸਾਫਟਵੇਅਰ ਤੇ ਕੰਪੋਨੈਂਟਸ ਦੀ ਖਰੀਦ ਸੀਮਤ ਹੋ ਗਈ ਹੈ, ਜਿਸ ਕਾਰਨ ਉਸ ਦੇ ਸਮਾਰਟ ਫੋਨ ਖਾਸਾ ਪ੍ਰਭਾਵਿਤ ਹੋ ਰਹੇ ਹਨ। ਹੁਵਾਈ ਨੇ ਪਿਛਲੇ ਸਾਲ 11 ਅਰਬ ਡਾਲਰ ਦੀ ਅਮਰੀਕੀ ਤਕਨਾਲੋਜੀ ਖਰੀਦੀ ਸੀ, ਜਦੋਂ ਕਿ ਹੁਣ ਸਿਰਫ ਕੁਝ ਹੀ ਸਪਲਾਈਰ ਹੁਵਾਈ ਨੂੰ ਵਿਕਰੀ ਕਰ ਸਕਣਗੇ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਨਾ ਹੋਵੇ। ਬੀਤੇ ਮੰਗਲਵਾਰ ਵਣਜ ਸਕੱਤਰ ਵਿਲਬਰ ਰੌਸ ਨੇ ਕਿਹਾ ਕਿ ਜਲਦ ਹੀ ਅਮਰੀਕਾ ਹੁਵਾਈ ਨੂੰ ਸਪਲਾਈ ਲਈ ਯੂ. ਐੱਸ. ਫਰਮਾਂ ਨੂੰ ਬਰਾਮਦ ਲਾਇੰਸੈਂਸ ਜਾਰੀ ਕਰੇਗਾ, ਜਿਨ੍ਹਾਂ ਦੀ ਵਿਕਰੀ ਨਾਲ ਰਾਸ਼ਟਰੀ ਸੁਰੱਖਿਆ ਖਤਰੇ 'ਚ ਨਾ ਪੈਂਦੀ ਹੋਵੇ। ਜ਼ਿਕਰਯੋਗ ਹੈ ਕਿ ਸੈਮਸੰਗ ਤੋਂ ਬਾਅਦ ਹੁਵਾਈ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸਮਾਰਟ ਫੋਨ ਕੰਪਨੀ ਹੈ।


Related News