8 ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੇ ਮੁੱਲ 12 ਫ਼ੀਸਦੀ ਵਧੇ

Tuesday, Aug 27, 2024 - 01:27 PM (IST)

8 ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੇ ਮੁੱਲ 12 ਫ਼ੀਸਦੀ ਵਧੇ

ਨਵੀਂ ਦਿੱਲੀ (ਭਾਸ਼ਾ) - ਅਪ੍ਰੈਲ-ਜੂਨ ਤਿਮਾਹੀ ’ਚ ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਔਸਤ ਘਰ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 12 ਫ਼ੀਸਦੀ ਦਾ ਵਾਧਾ ਹੋਇਆ। ਇਸ ਦੌਰਾਨ ਦਿੱਲੀ-ਐੱਨ. ਸੀ. ਆਰ. ’ਚ ਘਰਾਂ ਦੇ ਮੁੱਲ ਸਭ ਤੋਂ ਜ਼ਿਆਦਾ 30 ਫ਼ੀਸਦੀ ਵਧੇ ਹਨ। ਰੀਅਲਟੀ ਕੰਪਨੀਆਂ ਦੇ ਸੰਗਠਨ ਕ੍ਰੇਡਾਈ, ਜਾਇਦਾਦ ਸਲਾਹਕਾਰ ਕੋਲੀਅਰਸ ਅਤੇ ਡਾਟਾ ਵਿਸ਼ਲੇਸ਼ਣ ਕੰਪਨੀ ਲਿਆਸੇਸ ਫੋਰਾਸ ਨੇ ਘਰਾਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੀ ਦੂਜੀ ਤਿਮਾਹੀ ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਦਿਲਚਸਪ ਗੱਲ ਇਹ ਹੈ ਕਿ ਸਮੀਖਿਆ ਅਧੀਨ 8 ’ਚੋਂ 7 ਸ਼ਹਿਰਾਂ ’ਚ ਸਾਲਾਨਾ ਮੁੱਲ ਵਾਧਾ ਵੇਖਿਆ ਗਿਆ, ਜਿਸ ’ਚ ਦਿੱਲੀ-ਐੱਨ. ਸੀ. ਆਰ. ’ਚ ਸਾਲ-ਦਰ-ਸਾਲ ਸਭ ਤੋਂ ਜ਼ਿਆਦਾ 30 ਫ਼ੀਸਦੀ ਦਾ ਵਾਧਾ ਹੋਈ। ਕ੍ਰੇਡਾਈ ਦੇ ਪ੍ਰਧਾਨ ਬੋਮਨ ਈਰਾਨੀ ਨੇ ਕਿਹਾ, ‘‘ਪਿਛਲੀਆਂ ਕੁਝ ਤਿਮਾਹੀਆਂ ’ਚ ਰੀਅਲ ਅਸਟੇਟ ਖੇਤਰ ’ਚ ਤੇਜ਼ੀ ਵੇਖੀ ਗਈ ਹੈ, ਜਿਸ ਦੀ ਪੁਸ਼ਟੀ ਟਾਪ 8 ਸ਼ਹਿਰਾਂ ’ਚ ਲੈਣ-ਦੇਣ ਦੀ ਮਾਤਰਾ ਦੇ ਨਾਲ-ਨਾਲ ਘਰ ਪ੍ਰਤੀ ਪ੍ਰਚਲਿਤ ਸਕਾਰਾਤਮਕ ਭਾਵਨਾਵਾਂ ਨਾਲ ਹੁੰਦੀ ਹੈ। ਘਰਾਂ ਦੀਆਂ ਕੀਮਤਾਂ ’ਤੇ ਇਸ ਦਾ ਸਿੱਧਾ ਅਸਰ ਪਿਆ ਹੈ- ਇਹ ਨਾ ਸਿਰਫ ਅੰਤਰੀਵ ਮੰਗ ਨੂੰ ਦਰਸਾਉਂਦਾ ਹੈ, ਸਗੋਂ ਇਕ ਪਸੰਦੀਦਾ ਜਾਇਦਾਦ ਵਰਗ ਦੇ ਤੌਰ ’ਤੇ ਰੀਅਲ ਅਸਟੇਟ ਵੱਲ ਯਕੀਨੀ ਬਦਲਾਅ ਨੂੰ ਵੀ ਦਰਸਾਉਂਦਾ ਹੈ।

ਅੰਕੜਿਆਂ ਅਨੁਸਾਰ, ਅਹਿਮਦਾਬਾਦ ’ਚ ਘਰਾਂ ਦੀਆਂ ਕੀਮਤਾਂ ਅਪ੍ਰੈਲ-ਜੂਨ ’ਚ 13 ਫ਼ੀਸਦੀ ਵਧ ਕੇ 7,335 ਰੁਪਏ ਪ੍ਰਤੀ ਵਰਗ ਫੁੱਟ ਅਤੇ ਬੈਂਗਲੁਰੂ ’ਚ 8,688 ਰੁਪਏ ਪ੍ਰਤੀ ਵਰਗ ਫੁੱਟ ਤੋਂ 28 ਫ਼ੀਸਦੀ ਵਧ ਕੇ 11,161 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਚੇਨਈ ’ਚ ਕੀਮਤਾਂ 7,690 ਰੁਪਏ ਪ੍ਰਤੀ ਵਰਗ ਫੁੱਟ ’ਤੇ ਸਥਿਰ ਰਹੀਆਂ। ਦਿੱਲੀ-ਐੱਨ. ਸੀ. ਆਰ. ’ਚ ਕੀਮਤਾਂ ’ਚ ਵੱਧ ਤੋਂ ਵੱਧ 30 ਫ਼ੀਸਦੀ ਦਾ ਵਾਧਾ ਵੇਖਿਆ ਗਿਆ। ਇਥੇ ਇਹ 11,279 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ।

ਹੈਦਰਾਬਾਦ ’ਚ ਘਰਾਂ ਦੀਆਂ ਕੀਮਤਾਂ 7 ਫ਼ੀਸਦੀ ਵਧ ਕੇ 11,290 ਰੁਪਏ, ਕੋਲਕਾਤਾ ’ਚ 6 ਫ਼ੀਸਦੀ ਵਧ ਕੇ 7,745 ਰੁਪਏ, ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ’ਚ 6 ਫ਼ੀਸਦੀ ਵਧ ਕੇ 20,275 ਰੁਪਏ ਅਤੇ ਪੁਣੇ ’ਚ 13 ਫ਼ੀਸਦੀ ਵਧ ਕੇ 9,656 ਰੁਪਏ ਪ੍ਰਤੀ ਵਰਗ ਫੁੱਟ ਰਹੀਆਂ।


author

Harinder Kaur

Content Editor

Related News