5 ਸਾਲਾਂ ’ਚ ਦਿੱਲੀ-NCR ’ਚ ਘਰਾਂ ਦੀਆਂ ਕੀਮਤਾਂ 50 ਫੀਸਦੀ ਵਧੀਆਂ

Monday, Jul 08, 2024 - 01:54 PM (IST)

5 ਸਾਲਾਂ ’ਚ ਦਿੱਲੀ-NCR ’ਚ ਘਰਾਂ ਦੀਆਂ ਕੀਮਤਾਂ 50 ਫੀਸਦੀ ਵਧੀਆਂ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪ੍ਰਾਪਰਟੀ ਦੀ ਕੀਮਤ ’ਚ ਵਾਧਾ ਜਾਰੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਮੈਟਰੋ ਸਿਟੀ ਤੋਂ ਲੈ ਕੇ ਛੋਟੇ ਸ਼ਹਿਰਾਂ ’ਚ ਘਰਾਂ ਦੀ ਕੀਮਤ ਤੇਜ਼ੀ ਨਾਲ ਵਧੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. ਅਤੇ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ’ਚ ਘਰਾਂ ਦੀ ਔਸਤ ਕੀਮਤ ਪਿਛਲੇ 5 ਸਾਲਾਂ ’ਚ ਲੱਗਭੱਗ 50 ਫੀਸਦੀ ਵਧੀ ਹੈ।

ਜਾਇਦਾਦ ਸਲਾਹਕਾਰ ਐਨਾਰਾਕ ਨੇ ਕਿਹਾ ਹੈ ਕਿ ਇਹ ਵਾਧਾ ਉੱਚ ਮੰਗ ਤੋਂ ਪ੍ਰੇਰਿਤ ਹੈ। ਐਨਾਰਾਕ ਦੇ ਅੰਕੜਿਆਂ ਮੁਤਾਬਕ ਦਿੱਲੀ-ਐੱਨ. ਸੀ. ਆਰ. ’ਚ ਰਿਹਾਇਸ਼ੀ ਸੰਪਤੀਆਂ ਦੀ ਔਸਤ ਕੀਮਤ ਜਨਵਰੀ-ਜੂਨ, 2024 ’ਚ 49 ਫੀਸਦੀ ਵਧ ਕੇ 6,800 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ ਹੈ, ਜੋ 2019 ਦੀ ਇਸੇ ਮਿਆਦ ’ਚ 4,565 ਰੁਪਏ ਪ੍ਰਤੀ ਵਰਗ ਫੁੱਟ ਸੀ।

ਮੁੰਬਈ ਰੀਜਨ ’ਚ ਵੀ ਕੀਮਤ ਤੇਜ਼ੀ ਨਾਲ ਵਧੀ

ਇਸ ਤਰ੍ਹਾਂ, ਐੱਮ. ਐੱਮ. ਆਰ. ’ਚ ਸਮੀਖਿਆ ਅਧੀਨ ਮਿਆਦ ਦੌਰਾਨ ਘਰ ਦੀਆਂ ਔਸਤ ਕੀਮਤਾਂ 10,610 ਰੁਪਏ ਪ੍ਰਤੀ ਵਰਗ ਫੁੱਟ ਤੋਂ 48 ਫੀਸਦੀ ਵਧ ਕੇ 15,650 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਐਨਾਰਾਕ ਨੇ ਕਿਹਾ ਕਿ ਉਸਾਰੀ ਲਾਗਤ ’ਚ ਭਾਰੀ ਵਾਧੇ ਅਤੇ ਚੰਗੀ ਵਿਕਰੀ ਦੇ ਕਾਰਨ ਕੀਮਤਾਂ ’ਚ ਵਾਧਾ ਹੋਇਆ ਹੈ।

ਇਸ ਨੇ ਦੱਸਿਆ ਕਿ 2016 ਦੇ ਆਖਿਰ ਤੋਂ 2019 ਤੱਕ ਦੋਵਾਂ ਖੇਤਰਾਂ ’ਚ ਕੀਮਤਾਂ ਸਥਿਰ ਰਹੀਆਂ ਸਨ। ਐਨਾਰਾਕ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਦੋਵਾਂ ਰਿਹਾਇਸ਼ੀ ਬਾਜ਼ਾਰਾਂ ’ਚ ਮੰਗ ਨਵੀਆਂ ਉਚਾਈਆਂ ’ਤੇ ਪਹੁੰਚ ਗਈ। ਸ਼ੁਰੂਆਤ ’ਚ ਡਿਵੈੱਲਪਰਸ ਨੇ ਪੇਸ਼ਕਸ਼ ਅਤੇ ਮੁਫਤ ਤੋਹਫਿਆਂ ਦੀ ਮਦਦ ਨਾਲ ਵਿਕਰੀ ਨੂੰ ਬੜਾਵਾ ਦਿੱਤਾ ਪਰ ਮੰਗ ਵਧਣ ਦੇ ਨਾਲ ਹੀ ਉਨ੍ਹਾਂ ਨੇ ਹੌਲੀ-ਹੌਲੀ ਔਸਤ ਕੀਮਤਾਂ ਵਧਾ ਦਿੱਤੀਆਂ।

ਲਗਜ਼ਰੀ ਘਰਾਂ ਦੀ ਵਿਕਰੀ ’ਚ ਵੱਡਾ ਉਛਾਲ

ਭਾਰਤ ਦੀ ਲਗਜ਼ਰੀ ਰੀਅਲ ਅਸਟੇਟ ਮਾਰਕੀਟ ’ਚ ਵੱਡਾ ਉਛਾਲ ਆਇਆ ਹੈ। ਪ੍ਰਾਪਰਟੀ ਕੰਸਲਟੈਂਟ ਫਰਮ ਨਾਈਟ ਫਰੈਂਕ ਵੱਲੋਂ ਜਾਰੀ ਇੰਡੀਆ ਰੀਅਲ ਅਸਟੇਟ : ਰੈਜ਼ੀਡੈਂਸ਼ੀਅਲ ਅਤੇ ਆਫਿਸ (ਜਨਵਰੀ-ਜੂਨ 2024) ਰਿਪੋਰਟ ਅਨੁਸਾਰ 2024 ਦੀ ਪਹਿਲੀ ਛਿਮਾਹੀ ’ਚ ਇਕ ਕਰੋਡ਼ ਰੁਪਏ ਤੋਂ ’ਤੇ ਦੇ ਘਰਾਂ ਦੀ ਵਿਕਰੀ ਕੁਲ ਵਿਕਰੀ ਦਾ 41 ਫੀਸਦੀ ਰਹੀ ਹੈ। ਇਹ ਅੰਕੜਾ 2023 ਦੀ ਇਸੇ ਮਿਆਦ ’ਚ 30 ਫੀਸਦੀ ਸੀ।

2024 ਦੀ ਪਹਿਲੀ ਛਿਮਾਹੀ ’ਚ ਦੇਸ਼ ਦੇ 8 ਵੱਡੇ ਸ਼ਹਿਰਾਂ, ਜਿਸ ’ਚ ਮੁੰਬਈ, ਦਿੱਲੀ-ਐੱਨ. ਸੀ. ਆਰ., ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ਸ਼ਾਮਲ ਹਨ, ਉੱਥੇ ਘਰਾਂ ਦੀ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ 11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਮਿਆਦ ’ਚ ਕੁਲ 1,73,241 ਘਰਾਂ ਦੀ ਵਿਕਰੀ ਹੋਈ ਹੈ, ਜੋ ਕਿ 11 ਸਾਲਾਂ ਦਾ ਉੱਚਾ ਪੱਧਰ ਹੈ।


author

Harinder Kaur

Content Editor

Related News