ਹਾਂਗਕਾਂਗ ਨੇ AIR INDIA ਦੀ ਉਡਾਣ 'ਤੇ 3 ਅਕਤੂਬਰ ਤੱਕ ਲਾਈ ਪਾਬੰਦੀ
Monday, Sep 21, 2020 - 11:29 AM (IST)
ਨਵੀਂ ਦਿੱਲੀ : ਹਾਂਗਕਾਂਗ ਨੇ ਏਅਰ ਇੰਡੀਆ ਦੀ ਉਡਾਣ 'ਤੇ 3 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। ਦਿੱਲੀ ਤੋਂ ਜਾਣ ਵਾਲੀ ਇਹ ਉਡਾਣ ਹੁਣ 3 ਅਕਤੂਬਰ 2020 ਤੱਕ ਹਾਂਗਕਾਂਗ ਨਹੀਂ ਜਾਏਗੀ। ਰਿਪੋਰਟਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਤੋਂ ਦਿੱਲੀ ਵਾਪਸੀ ਵਾਲੀ ਫਲਾਈਟ ਵੀ ਦਿੱਲੀ ਨਹੀਂ ਆਈ ਹੈ।
ਕਿਹਾ ਜਾ ਰਿਹਾ ਹੈ ਕਿ ਏਅਰ ਇੰਡੀਆ ਦੀ ਉਡਾਣ ਵਿਚ ਕੁਝ ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਿਸ ਦੀ ਵਜ੍ਹਾ ਨਾਲ ਹਾਂਗਕਾਂਗ ਪ੍ਰਸ਼ਾਸਨ ਨੇ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਕੁਝ ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਸੰਕ੍ਰਮਿਤ ਯਾਤਰੀਆਂ ਨੂੰ ਲੈ ਕੇ ਆਉਣ ਵਾਲੀਆਂ ਏਅਰਲਾਈਨਾਂ 'ਤੇ ਨਿਯਮ ਸਖ਼ਤ ਕੀਤੇ ਗਏ ਹਨ। ਇਹ ਦੂਜੀ ਵਾਰ ਹੈ ਜਦੋਂ ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਯਾਤਰੀ ਉਡਾਣਾਂ 'ਤੇ ਪਾਬੰਦੀ ਲਾਈ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਏਅਰ ਇੰਡੀਆ 'ਤੇ ਰੋਕ ਲਾ ਦਿੱਤੀ ਗਈ ਸੀ, ਉਦੋਂ ਵੀ ਏਅਰ ਇੰਡੀਆ ਵਿਚ ਕੁਝ ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਏਅਰ ਇੰਡੀਆ ਦੀ ਯਾਤਰੀ ਉਡਾਣ ਨੂੰ 18 ਅਗਸਤ ਤੋਂ 31 ਅਗਸਤ ਤੱਕ ਹਾਂਗਕਾਂਗ ਵਿਚ ਉਤਰਨ ਤੋਂ ਰੋਕ ਦਿੱਤਾ ਗਿਆ ਸੀ। ਦੱਸ ਦੇਈਏ ਕਿ ਹਾਂਗਕਾਂਗ ਦੇ ਜੁਲਾਈ ਦੇ ਨਿਯਮਾਂ ਮੁਤਾਬਕ, ਸਿਰਫ ਉਨ੍ਹਾਂ ਯਾਤਰੀਆਂ ਨੂੰ ਹਾਂਗਕਾਂਗ ਆਉਣ-ਜਾਣ ਦੀ ਮਨਜ਼ੂਰੀ ਹੈ, ਜਿਨ੍ਹਾਂ ਦੀ ਯਾਤਰਾ ਤੋਂ 72 ਘੰਟੇ ਪਹਿਲਾਂ ਕੋਰੋਨਾ ਰਿਪੋਰਟ ਨੈਗੇਟਿਵ ਹੈ। ਇਸ ਤੋਂ ਇਲਾਵਾ ਕੌਮਾਂਤਰੀ ਯਾਤਰੀਆਂ ਨੂੰ ਹਾਂਗਕਾਂਗ ਪਹੁੰਚਣ ਤੋਂ ਬਾਅਦ ਵੀ ਹਵਾਈ ਅੱਡੇ 'ਤੇ ਕੋਰੋਨਾ ਟੈਸਟ ਕਰਾਉਣਾ ਜ਼ਰੂਰੀ ਹੈ।